ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਸਰਹੱਦੀ ਤਣਾਅ ਨੇ ਗੰਭੀਰ ਰੂਪ ਧਾਰ ਲਿਆ ਹੈ, ਜਿੱਥੇ ਰਾਤ ਪਾਕਿਸਤਾਨ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਰਾਤ ਦੇ ਸਮੇਂ, ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਵਿੱਚ ਪਾਕਿਸਤਾਨ ਵੱਲੋਂ ਇੱਕ ਡਰੋਨ ਸੁੱਟਿਆ ਗਿਆ ਜੋ ਸਿੱਧਾ ਇੱਕ ਪਰਿਵਾਰ ਦੇ ਘਰ ਉੱਤੇ ਆ ਡਿੱਗਿਆ। ਉਸ ਵੇਲੇ ਘਰ ਵਿੱਚ ਇੱਕ ਮਹਿਲਾ ਰੋਟੀ ਬਣਾਉਣ ਵਿੱਚ ਲੱਗੀ ਹੋਈ ਸੀ ਅਤੇ ਡਰੋਨ ਦੇ ਧਮਾਕੇ ਕਾਰਨ ਉਹ ਗੰਭੀਰ ਤੌਰ 'ਤੇ ਝੁਲਸ ਗਈ। ਧਮਾਕੇ ਦੀ ਤੀਬਰਤਾ ਇਨੀ ਸੀ ਕਿ ਘਰ ਦੇ ਅੰਦਰ ਖੜੀ ਇੱਕ ਕਾਰ ਨੂੰ ਵੀ ਅੱਗ ਲੱਗ ਗਈ। ਇਸ ਹਮਲੇ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਰਹੱਦੀ ਤਣਾਅ ਕਾਰਨ ਆਸਪਾਸ ਦੇ ਪਿੰਡਾਂ ਵਿੱਚ ਦਰ ਅਤੇ ਅਸ਼ਾਂਤੀ ਦਾ ਮਾਹੌਲ ਬਣ ਗਿਆ ਹੈ, ਜਿੱਥੇ ਲੋਕ ਆਪਣੀ ਸੁਰੱਖਿਆ ਲਈ ਚਿੰਤਤ ਹਨ। ਸਰਕਾਰੀ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਜ਼ਖ਼ਮੀ ਪਰਿਵਾਰ ਦੀ ਮਦਦ ਲਈ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।
ਇਸ ਦੇ ਨਾਲ ਹੀ ਕਰਤਾਰਪੁਰ ਕੋਰੀਡੋਰ ਨੇੜੇ ਵੀ ਧਮਾਕੇ ਸੁਣਾਈ ਦਿੱਤੇ। ਅੱਜ ਸਵੇਰੇ ਵੀ ਪਾਕਿਸਤਾਨ ਨੇ ਪੰਜਾਬ ਉੱਤੇ ਹਮਲੇ ਜਾਰੀ ਰੱਖੇ। ਪਠਾਨਕੋਟ ਦੇ ਏਅਰਬੇਸ ਨੇੜੇ ਧਮਾਕੇ ਸੁਣੇ ਗਏ ਅਤੇ ਜਲੰਧਰ ਵਿੱਚ ਵੀ ਡਰੋਨ ਦੀ ਗਤੀ ਨੂੰ ਦੇਖਿਆ ਗਿਆ। ਇਸ ਸਮੇਂ ਸਾਰੇ ਸ਼ਹਿਰਾਂ ਵਿੱਚ ਸਾਇਰਨ ਵੱਜ ਰਹੇ ਹਨ ਅਤੇ ਬਲੈਕਆਊਟ ਕੀਤਾ ਗਿਆ ਹੈ। ਗੁਰਦਾਸਪੁਰ ਦੇ ਟਿਬਰੀ ਛਾਉਣੀ ਏਰੀਏ ਵਿੱਚ ਪਾਕਿਸਤਾਨ ਵੱਲੋਂ ਤਿੰਨ ਧਮਾਕੇ ਹੋਏ ਹਨ ਅਤੇ ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਵਿੱਚ ਵੀ ਗੋਲੀਆਂ ਚਲਣ ਦੀ ਆਵਾਜ਼ ਸੁਣੀ ਗਈ।

