ਮੁਕਤਸਰ : ਅੱਜ ਸਵੇਰੇ ਪਿੰਡ ਦੋਦਾ 'ਚੋਂ ਲੰਘਦੇ ਜੈਤੋ ਰਜਬਾਹੇ ਦੇ ਪਿੰਡ ਕਾਉਣੀ ਅਤੇ ਦੋਦਾ 'ਚ ਪਾੜ ਪੈਣ ਕਾਰਨ ਕਰੀਬ 150 ਏਕੜ ਕਣਕ ਦੀ ਫਸਲ ਰੁੜ੍ਹ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਾਉਣੀ ਦੇ ਸਰਪੰਚ ਪਾਲ ਸਿੰਘ ਅਤੇ ਕਿਸਾਨ ਖੁਸ਼ਹਾਲ ਸਿੰਘ, ਅੰਗਰੇਜ਼ ਸਿੰਘ ਨੰਬਰਦਾਰ, ਕੰਵਰਜੀਤ ਸਿੰਘ, ਗੁਰਮੇਲ ਸਿੰਘ, ਗੁਰਜੰਟ ਸਿੰਘ, ਅਜੈਬ ਸਿੰਘ, ਵੀਰ ਸਿੰਘ, ਗੁਰਜੀਤ ਸਿੰਘ, ਜਸਵਿੰਦਰ ਸਿੰਘ ਆਦਿ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ 6 ਮਹੀਨੇ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਕਣਕ ਦੀ ਫ਼ਸਲ ਹੁਣ ਪੂਰੀ ਤਰ੍ਹਾਂ ਪੱਕ ਕੇ ਵਾਢੀ ਲਈ ਤਿਆਰ ਸੀ ਪਰ ਸਬੰਧਤ ਵਿਭਾਗ ਦੀ ਅਣਗਹਿਲੀ ਕਾਰਨ ਬੀਤੀ ਰਾਤ ਰਜਬਾਹਾ ਵਿੱਚ ਵਾਧੂ ਪਾਣੀ ਛੱਡ ਦਿੱਤਾ ਗਿਆ ਅਤੇ ਰਜਬਾਹਾ ਟੁੱਟਣ ਕਾਰਨ ਕਰੀਬ 100 ਏਕੜ ਕਣਕ ਦੇ ਖੇਤ ਰੁੜ੍ਹ ਗਏ ਹਨ, ਜਿਸ ਕਾਰਨ ਉਨ੍ਹਾਂ ਦੀਆਂ ਪੱਕੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਡਰ ਹੈ।
ਇਸ ਤੋਂ ਇਲਾਵਾ ਪਿੰਡ ਦੋਦਾ ਵਿੱਚ ਟੇਲਾਂ ਵਿੱਚ ਪੈ ਰਹੇ ਰਕਬੇ ਵਿੱਚ ਰਜਬਾਹਾ ਦੇ ਇੱਕ ਪਾਸੇ ਪਾੜ ਪੈਣ ਕਾਰਨ ਕਰੀਬ 50 ਏਕੜ ਪੱਕੀ ਕਣਕ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਦੇ ਸਮੂਹ ਨੇ ਦੱਸਿਆ ਕਿ ਸਬੰਧਤ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਰਜਬਾਹਾ ਦੀ ਸਫ਼ਾਈ ਨਾ ਕਰਨ ਅਤੇ ਵਾਧੂ ਪਾਣੀ ਛੱਡਣ ਕਾਰਨ ਰਜਬਾਹਾ ਟੁੱਟ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਸਾਨੂੰ ਆਪਣੀ ਕਣਕ ਦੀ ਫ਼ਸਲ ਦੀ ਕਟਾਈ ਕਰਨ ਸਮੇਂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਣਕ ਦੀ ਫ਼ਸਲ ਡਿੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਕਿਸਾਨਾਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਾਣੀ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿਵਾਇਆ ਜਾਵੇ।
ਕੀ ਕਹਿਣਾ ਹੈ ਸਬੰਧਤ ਅਧਿਕਾਰੀ ਦਾ ?
ਇਸ ਮਾਮਲੇ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਕਾਰਜਸਾਧਕ ਅਫ਼ਸਰ ਜਿਨੇਸ਼ ਗੋਇਲ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਰਜਬਾਹਾ ਟੁੱਟਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਪਿੱਛੇ ਤੋਂ ਪਾਣੀ ਬੰਦ ਕਰਵਾ ਕੇ ਰਸਤੇ 'ਚ ਪਈਆਂ ਨਾਲੀਆਂ ਨੂੰ ਖੋਲ੍ਹਿਆ | ਤਾਂ ਜੋ ਹੋਰ ਕੋਈ ਨੁਕਸਾਨ ਨਾ ਹੋ ਸਕੇ। ਜਦੋਂ ਉਨ੍ਹਾਂ ਨੂੰ ਰਜਬਾਹਾ ਦੀ ਸਫ਼ਾਈ ਨਾ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਰੇਗਾ ਵੱਲੋਂ ਸਮੇਂ-ਸਮੇਂ 'ਤੇ ਰਜਬਾਹਾ ਦੀ ਸਫ਼ਾਈ ਕਰਵਾਈ ਜਾਂਦੀ ਰਹੀ ਹੈ, ਪਰ ਜਿੱਥੇ ਸਫ਼ਾਈ ਦੀ ਘਾਟ ਹੈ, ਉਹ ਇਸ ਦੀ ਜਾਂਚ ਕਰਵਾਉਣਗੇ |


