ਲੁਧਿਆਣਾ : ਆਟੋ ਸਵਾਰੀਆਂ ਨੂੰ ਲੁੱਟਣ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਖੋਹੇ ਗਏ 4 ਮੋਬਾਈਲ ਫੋਨ, ਲੋਹੇ ਦੀਆਂ ਰਾਡਾਂ, ਦਾਤਰ ਤੇ ਹੋਰ ਹਥਿਆਰ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਜੱਸੀ, ਲਖਵਿੰਦਰ ਸਿੰਘ ਉਰਫ ਲੱਕੀ, ਸੁਖਵਿੰਦਰ ਸਿੰਘ ਉਰਫ ਕਾਲਾ, ਵਿਜੇ ਕੁਮਾਰ ਉਰਫ ਟਿੰਕੂ ਵਾਸੀ ਇਸੇ ਇਲਾਕਾ ਵਜੋਂ ਹੋਈ ਹੈ, ਜਦਕਿ ਫਰਾਰ ਮੁਲਜ਼ਮ ਦੀ ਪਛਾਣ ਪਲਵਿੰਦਰ ਸਿੰਘ ਉਰਫ ਤੇਜੂ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਹਰਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਸ਼ੇਰਪੁਰ ਚੌਕ ਨੇੜੇ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਆਟੋ 'ਚ ਸਵਾਰ ਯਾਤਰੀਆਂ ਨੂੰ ਹਥਿਆਰਾਂ ਦੀ ਨੋਕ 'ਤੇ ਡਰਾ-ਧਮਕਾ ਕੇ ਲੁੱਟ ਰਹੇ ਹਨ। ਮੁਲਜ਼ਮ ਗਿਆਸਪੁਰਾ ਚੌਕ ਨੇੜੇ ਖਾਲੀ ਪਲਾਟ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਛਾਪੇਮਾਰੀ ਕਰ ਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਇਨ੍ਹਾਂ ਦਾ ਇਕ ਸਾਥੀ ਚਕਮਾ ਦੇ ਕੇ ਫਰਾਰ ਹੋ ਗਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਰਾਤ ਸਮੇਂ ਸ਼ੇਰਪੁਰ ਚੌਕ, ਰੇਲਵੇ ਸਟੇਸ਼ਨ ਜਾਂ ਸਮਰਾਲਾ ਚੌਕ ਤੋਂ ਸਵਾਰੀਆਂ ਚੁੱਕਦੇ ਸਨ। ਇਸ ਦੌਰਾਨ ਉਹ ਯਾਤਰੀਆਂ ਨੂੰ ਇਕੱਲਿਆਂ ਥਾਵਾਂ 'ਤੇ ਲੈ ਜਾਂਦੇ ਸਨ, ਉਨ੍ਹਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦਾ ਸਾਮਾਨ ਅਤੇ ਨਕਦੀ ਖੋਹ ਕੇ ਸੜਕ ਦੇ ਵਿਚਕਾਰ ਛੱਡ ਦਿੰਦੇ ਸਨ। ਪੁਲੀਸ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਸਬੰਧੀ ਵੀ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਖੋਹੇ ਮੋਬਾਈਲ ਵੇਚ ਕੇ ਪੈਸੇ ਦੀ ਵਰਤੋਂ ਨਸ਼ੇ ਦੀ ਪੂਰਤੀ ਲਈ ਕਰਦੇ ਸਨ।