ਮੋਗਾ : ਮੋਗਾ ਪੁਲਸ ਨੇ ਡਰਾਈਵਰ ਦੀ ਕੁੱਟਮਾਰ ਕਰਨ ਅਤੇ ਉਸ ਦੀ ਕਾਰ ਅਤੇ ਮੋਬਾਇਲ ਫੋਨ ਖੋਹਣ ਦੇ ਦੋਸ਼ 'ਚ ਇਕ ਔਰਤ ਸਮੇਤ 5 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ 7 ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੋਪੋਂ ਦੇ ਇੰਚਾਰਜ ਸਰਦਾਰਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਏਕਮ ਸਿੰਘ ਵਾਸੀ ਪਿੰਡ ਸਲੇਮਪੁਰ, ਸਿੱਧਵਾਂ ਬੇਟ ਨੇ ਦੱਸਿਆ ਕਿ ਉਹ ਇਨੋਵਾ ਕਾਰ 'ਤੇ ਡਰਾਈਵਰ ਹੈ। ਪੰਕਜ ਮੱਲਣ, ਵਾਸੀ ਸਿੱਧਵਾਂ ਬੇਟ, ਲੁਧਿਆਣਾ ਅਤੇ ਉਹ ਸਿੱਧਵਾਂ ਬੇਟ ਆਪਣੀ ਕਾਰ ਟੈਕਸੀ ਸਟੈਂਡ 'ਤੇ ਖੜ੍ਹੀ ਕਰਦੇ ਹਨ।
ਬੀਤੀ 11 ਅਪ੍ਰੈਲ ਨੂੰ ਸ਼ਾਮ 7.45 ਵਜੇ ਦੇ ਕਰੀਬ ਇੱਕ ਔਰਤ ਆਈ, ਜਿਸ ਨੇ ਪੀਰ ਦਾ ਪਹਿਰਾਵਾ ਪਾਇਆ ਹੋਇਆ ਸੀ ਅਤੇ ਉਸ ਦੇ ਨਾਲ ਇੱਕ ਲੜਕਾ ਵੀ ਸੀ। ਉਸ ਨੇ ਦੱਸਿਆ ਕਿ ਉਸ ਨੇ ਬਾਘਾਪੁਰਾਣਾ ਨੇੜੇ ਪੀਰ ਨਿਗਾਹ ਵਿਖੇ ਬੱਕਰਾ ਚੜ੍ਹਾਉਣ ਜਾਣਾ ਸੀ ਅਤੇ ਉਸ ਨੇ ਆਪਣਾ ਨਾਂ ਆਸ਼ਾ ਰਾਣੀ ਦੱਸਿਆ ਅਤੇ ਲੜਕੇ ਦਾ ਨਾਂ ਗੁਰਿੰਦਰ ਸਿੰਘ ਗੁਰੀ ਵਾਸੀ ਪਿੰਡ ਦੌਧਰ ਸ਼ੜਕੀ ਦੱਸਿਆ ਅਤੇ ਉਸ ਨਾਲ 3500 ਰੁਪਏ ਵਿੱਚ ਮਾਮਲਾ ਤੈਅ ਹੋ ਗਿਆ। ਜਦੋਂ ਉਹ ਅਜੀਤਵਾਲ ਤੋਂ ਅੱਗੇ ਪਹੁੰਚਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਪਿੰਡ ਦੌਧਰ ਤੋਂ ਵੀ ਸੰਗਤ ਨੂੰ ਲੈ ਕੇ ਜਾਣਾ ਹੈ ਅਤੇ ਜਿਵੇਂ ਹੀ ਉਹ ਪਿੰਡ ਦੌਧਰ ਨੇੜੇ ਪਹੁੰਚੇ ਤਾਂ ਉਸ ਦੇ ਨਾਲ ਬੈਠੇ ਬੱਚੇ ਨੇ ਪਿਸ਼ਾਬ ਕਰਨ ਦੇ ਬਹਾਨੇ ਕਾਰ ਰੋਕਣ ਲਈ ਕਿਹਾ। ਜਿਵੇਂ ਹੀ ਉਸ ਨੇ ਆਪਣੀ ਕਾਰ ਰੋਕੀ ਤਾਂ ਗੁਰਵਿੰਦਰ ਸਿੰਘ ਉਰਫ਼ ਸੋਨੂੰ, ਲਵਪ੍ਰੀਤ ਸਿੰਘ ਉਰਫ਼ ਲਵੀ, ਹਰਪ੍ਰੀਤ ਸਿੰਘ ਪੀਤਾ, ਜਸਕਰਨ ਸਿੰਘ ਉਰਫ਼ ਕਰਨ ਸਾਰੇ ਵਾਸੀ ਪਿੰਡ ਦੌਧਰ ਸ਼ਰਕੀ ਦੋ ਮੋਟਰਸਾਈਕਲਾਂ ’ਤੇ ਉੱਥੇ ਪੁੱਜ ਗਏ। ਉਹ ਗੁਰਵਿੰਦਰ ਸਿੰਘ ਉਰਫ਼ ਸੋਨੂੰ ਨੂੰ ਜਾਣਦਾ ਸੀ ਅਤੇ ਉਸ ਨੇ ਵੀ ਉਸ ਨੂੰ ਪਛਾਣ ਲਿਆ ਅਤੇ ਕਾਰ ਦੀਆਂ ਚਾਬੀਆਂ ਸਾਡੇ ਹਵਾਲੇ ਕਰਨ ਦੀ ਧਮਕੀ ਦਿੱਤੀ। ਜਦੋਂ ਉਸ ਨੇ ਨਾਂਹ ਕੀਤੀ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਲੜਕਾ ਅਤੇ ਔਰਤ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ ਅਤੇ ਗੁਰਵਿੰਦਰ ਸਿੰਘ ਉਰਫ਼ ਸੋਨੂੰ ਨੇ ਜ਼ਬਰਦਸਤੀ ਉਸ ਕੋਲੋਂ ਕਾਰ ਦੀਆਂ ਚਾਬੀਆਂ ਲੈ ਲਈਆਂ ਅਤੇ ਉਸ ਨੂੰ ਕਾਰ ਵਿਚ ਬਿਠਾ ਲਿਆ ਅਤੇ ਰਸਤੇ ਵਿਚ ਉਸ ਨੂੰ ਮਿਲ ਕੇ ਏ. ਮਿਰਾਗ ਰਾਜ ਨਾਮ ਦਾ ਇੱਕ ਵਿਅਕਤੀ ਮਿਲਿਆ ਅਤੇ ਉਹ ਸਾਰੇ ਉੱਥੇ ਸ਼ਰਾਬ ਪੀਣ ਲੱਗੇ ਅਤੇ ਇੱਟਾਂ ਮਾਰ ਕੇ ਮੇਰੀ ਕਾਰ ਦਾ ਸ਼ੀਸ਼ਾ ਵੀ ਤੋੜ ਦਿੱਤਾ।
ਉਨ੍ਹਾਂ ਸਾਰਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਕਿਸੇ ਤਰ੍ਹਾਂ ਹਨੇਰੇ ਦਾ ਫਾਇਦਾ ਉਠਾ ਕੇ ਉਥੋਂ ਫਰਾਰ ਹੋ ਗਿਆ। ਕਥਿਤ ਦੋਸ਼ੀਆਂ ਨੇ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ ਅਤੇ ਕਿਸੇ ਤਰ੍ਹਾਂ ਉਸ ਨੇ ਇਸ ਬਾਰੇ ਆਪਣੇ ਬੌਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਜ਼ਖਮੀ ਹਾਲਤ ਵਿਚ ਜਗਰਾਉਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ’ਤੇ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਸਾਜ਼ਿਸ਼ ਤਹਿਤ ਉਸ ਦੀ ਕੁੱਟਮਾਰ ਕੀਤੀ ਅਤੇ ਕਾਰ ਅਤੇ ਮੋਬਾਈਲ ਫੋਨ ਖੋਹ ਲਿਆ। ਜਾਂਚ ਅਧਿਕਾਰੀ ਥਾਣਾ ਲੋਪੋਂ ਦੇ ਇੰਚਾਰਜ ਸਰਦਾਰਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਸ਼ਾ ਰਾਣੀ ਉਰਫ ਆਸ਼ੀ, ਗੁਰਵਿੰਦਰ ਸਿੰਘ ਉਰਫ ਗੁਰੀ ਦੋਵੇਂ ਵਾਸੀ ਪਿੰਡ ਦੌਧਰ ਸ਼ਰਕੀ, ਗੁਰਵਿੰਦਰ ਸਿੰਘ ਉਰਫ ਸੋਨੂੰ, ਲਵਪ੍ਰੀਤ ਸਿੰਘ ਉਰਫ ਲਵੀ ਨੂੰ ਗ੍ਰਿਫਤਾਰ ਕਰ ਲਿਆ ਹੈ। , ਹਰਪ੍ਰੀਤ ਸਿੰਘ ਉਰਫ਼ ਪੀਤਾ ਵਾਸੀ ਪਿੰਡ ਦੌਧਰ ਸ਼ਰਕੀ ਵਾਸੀ ਜਸਕਰਨ ਸਿੰਘ ਉਰਫ਼ ਕਰਨ ਅਤੇ ਮਿਰਗ ਰਾਜ ਨੂੰ ਕਾਬੂ ਕਰਕੇ 7 ਵਿਅਕਤੀਆਂ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁੱਛਗਿੱਛ ਉਪਰੰਤ ਕਾਬੂ ਕੀਤੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ |

