ਕੋਟਕਪੂਰਾ : ਕੋਟਕਪੂਰਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਆਵਾਰਾ ਕੁੱਤਿਆਂ ਦਾ ਡਰ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੀ ਸ਼ਾਮ ਵੀ ਸਥਾਨਕ ਸ਼ਹਿਰ ਦੇ ਵਾਲਮੀਕਿ ਨਗਰ 'ਚ ਇਕ ਆਵਾਰਾ ਕੁੱਤੇ ਨੇ ਕਰੀਬ ਡੇਢ ਸਾਲ ਦੇ ਬੱਚੇ ਨੂੰ ਚੁੱਕ ਕੇ ਜ਼ਖਮੀ ਕਰ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਉਸ ਦੀ ਮਾਂ ਅਤੇ ਭੈਣ ਨੇ ਬੜੀ ਹਿੰਮਤ ਨਾਲ ਬੱਚੇ ਨੂੰ ਕੁੱਤੇ ਤੋਂ ਬਚਾਇਆ ਪਰ ਉਦੋਂ ਤੱਕ ਬੱਚਾ ਲਹੂ-ਲੁਹਾਨ ਹੋ ਚੁੱਕਾ ਸੀ।
ਇਸ ਸਬੰਧੀ ਸ਼ਹਿਰ ਦੇ ਵਾਲਮੀਕਿ ਨਗਰ ਮੁਹੱਲੇ ਦੇ ਵਸਨੀਕ ਸੰਜੇ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਦਿਹਾੜੀਦਾਰ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਸ਼ਾਮ ਵੇਲੇ ਉਨ੍ਹਾਂ ਦਾ ਛੋਟਾ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਇਕ ਆਵਾਰਾ ਕੁੱਤਾ ਉਥੇ ਆ ਗਿਆ ਅਤੇ ਉਨ੍ਹਾਂ ਦੇ ਡੇਢ ਸਾਲ ਦੇ ਬੱਚੇ ਨੂੰ ਗਲੇ ਤੋਂ ਫੜ੍ਹ ਲਿਆ ਅਤੇ ਤੇਜ਼ੀ ਨਾਲ ਭੱਜ ਗਿਆ। ਬੱਚੇ ਦੀਆਂ ਚੀਕਾਂ ਸੁਣ ਕੇ ਬੱਚੇ ਦੀ ਮਾਂ ਅਤੇ ਉਸ ਦੀ ਭੈਣ ਭੱਜ ਕੇ ਘਰੋਂ ਬਾਹਰ ਆਈਆਂ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਬੱਚੇ ਨੂੰ ਕੁੱਤੇ ਤੋਂ ਛੁਡਵਾਇਆ। ਉਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਬੱਚੇ ਦੇ ਸਿਰ, ਗਰਦਨ, ਪੇਟ, ਪਿੱਠ ਅਤੇ ਹੱਥਾਂ ਅਤੇ ਹੋਰ ਕਈ ਥਾਵਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਬੱਚੇ ਨੂੰ ਤੁਰੰਤ ਫਰੀਦਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ। ਉਸ ਨੇ ਦੱਸਿਆ ਕਿ ਜੇਕਰ ਥੋੜ੍ਹੀ ਦੇਰ ਹੋ ਜਾਂਦੀ ਜਾਂ ਬੱਚੇ ਦੀਆਂ ਚੀਕਾਂ ਉਸ ਦੀ ਮਾਂ ਅਤੇ ਭੈਣ ਨੇ ਨਾ ਸੁਣੀਆਂ ਹੁੰਦੀਆਂ ਤਾਂ ਕੁਝ ਵੀ ਹੋ ਸਕਦਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇੱਕ ਨਿੱਜੀ ਕੰਪਨੀ ਦੇ ਸੇਲਜ਼ਮੈਨ ਨੂੰ ਵੀ ਆਵਾਰਾ ਕੁੱਤਿਆਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ, ਜਿਸ ਨੂੰ ਇਲਾਜ ਲਈ ਕੋਟਕਪੂਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

