ਕਪੂਰਥਲਾ : ਅੱਜ ਦੇ ਸਮੇਂ 'ਚ ਲੋਕ ਅੰਧਵਿਸ਼ਵਾਸ 'ਚ ਕੀ-ਕੀ ਕਰਦੇ ਹਨ, ਇਸ ਦੀ ਮਿਸਾਲ ਕਪੂਰਥਲਾ 'ਚ ਦੇਖਣ ਨੂੰ ਮਿਲੀ। ਜ਼ਿਲ੍ਹੇ 'ਚ ਡੇਰਾ ਬਾਬਾ ਵੱਲੋਂ ਨਾਬਾਲਗ ਲੜਕੇ ਨਾਲ ਕੁੱਟਮਾਰ ਕਰਨ ਦਾ ਘਿਨੌਣਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਲੜਕਾ ਦਿਮਾਗੀ ਤੌਰ 'ਤੇ ਬੀਮਾਰ ਸੀ ਅਤੇ ਡੇਰੇ ਦੇ ਬਾਬਾ ਨੇ ਕਿਹਾ ਕਿ ਇਸ 'ਤੇ ਭੂਤਾਂ ਦਾ ਆਵਾਸ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੇ ਦੇ ਪਿਤਾ ਦਲੀਪ ਕੁਮਾਰ ਵਾਸੀ ਜੱਗੂ ਸ਼ਾਹ ਡੇਰਾ, ਕਪੂਰਥਲਾ ਨੇ ਦੱਸਿਆ ਕਿ ਉਸ ਦਾ 16 ਸਾਲਾ ਲੜਕਾ ਰਜਤ ਦਿਮਾਗੀ ਤੌਰ 'ਤੇ ਬਿਮਾਰ ਹੈ। ਬੀਤੇ ਦਿਨ ਉਸ ਦੀ ਮਾਂ ਉਸ ਨੂੰ ਤਲਵੰਡੀ ਮਹਿਮਾ ਸਥਿਤ ਡੇਰੇ ਵਿੱਚ ਲੈ ਗਈ।
ਇਸ ਦੌਰਾਨ ਇੱਥੇ ਡੇਰੇ ਵਿੱਚ ਮੌਜੂਦ ਬਾਬੇ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਭੂਤ ਨੇ ਚੰਬੜਿਆ ਹੋਇਆ ਸੀ, ਜਿਸ ਕਾਰਨ ਉਸ ਨੇ ਭੂਤ ਨੂੰ ਭਜਾਉਣ ਦੀ ਕੋਸ਼ਿਸ਼ ਵਿੱਚ ਉਸ ਦੇ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦਾ ਪੁੱਤਰ ਬੇਹੋਸ਼ ਹੋ ਗਿਆ। ਬੇਹੋਸ਼ੀ ਦੀ ਹਾਲਤ 'ਚ ਰਜਤ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਜਾਂਚ ਅਧਿਕਾਰੀ ਏ.ਐੱਸ.ਆਈ. ਮਾਮਲੇ ਦੀ ਜਾਂਚ ਭੁਪਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਬੱਚੇ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ, ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।