ਅਬੋਹਰ : ਅਬੋਹਰ-ਮਲੋਟ ਰੋਡ 'ਤੇ ਸਥਿਤ ਬਰਾੜ ਹੁਨੇੜ ਵਿਖੇ ਦੁਪਹਿਰ ਸਮੇਂ ਸ਼ੋਅਰੂਮ ਤੋਂ ਸਰਵਿਸ ਕਰਵਾ ਕੇ ਆ ਰਹੀ ਇਕ ਕਾਰ ਨੂੰ ਸਾਹਮਣਿਓਂ ਆ ਰਹੇ ਪਿਕਅੱਪ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਨੁਕਸਾਨੀ ਗਈ। ਪਿਕਅਪ ਚਾਲਕ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਆਉਣ ਕਾਰਨ ਸੁਰੱਖਿਆ ਮੁਲਾਜ਼ਮਾਂ ਨੇ ਪਿਕਅੱਪ ਚਾਲਕ ਨੂੰ ਕਾਬੂ ਕਰ ਲਿਆ।
ਕਿੱਲਿਆਂਵਾਲੀ ਵਾਸੀ ਕੁੰਵਰਪ੍ਰੀਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ 13 ਲੱਖ ਰੁਪਏ ਦੀ ਨਵੀਂ ਕਾਰ ਖਰੀਦੀ ਸੀ, ਜਿਸ ਦੀ ਪਹਿਲੀ ਸਰਵਿਸ ਕਰਵਾਉਣ ਲਈ ਉਹ ਆਇਆ ਸੀ। ਜਿਵੇਂ ਹੀ ਉਹ ਕਾਰ ਨੂੰ ਸ਼ੋਅਰੂਮ ਤੋਂ ਬਾਹਰ ਲੈ ਕੇ ਨਿਕਲਿਆ ਤਾਂ ਗਲਤ ਦਿਸ਼ਾ ਤੋਂ ਆ ਰਹੇ ਤੇਜ਼ ਰਫਤਾਰ ਪਿਕਅੱਪ ਚਾਲਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਨੁਕਸਾਨੀ ਗਈ ਅਤੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਪਿਕਅੱਪ ਚਾਲਕ ਦੀ ਪਛਾਣ ਜਸ਼ਨ ਪੁੱਤਰ ਕਾਲੀ ਵਾਸੀ ਗਊਸ਼ਾਲਾ ਮਲੋਟ ਵਜੋਂ ਹੋਈ ਹੈ।

