ਪੰਜਾਬ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਅੱਜ 13 ਉਮੀਦਵਾਰਾਂ ਨੇ ਨਾਮਜ਼ਦਗੀ ਫਾਰਮ ਭਰੇ, ਜਿਨ੍ਹਾਂ ਵਿੱਚ ਫ਼ਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਟਿਆਲਾ, ਖਡੂਰ ਸਾਹਿਬ, ਆਨੰਦਪੁਰ ਸਾਹਿਬ, ਫ਼ਰੀਦਕੋਟ ਸ਼ਾਮਲ ਹਨ।
ਇਨ੍ਹਾਂ ਸੀਟਾਂ ਲਈ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਵਰਨਣਯੋਗ ਹੈ ਕਿ ਅੱਜ ਪੰਜਾਬ ਵਿੱਚ ਅੰਗਰੇਜ਼ ਸਿੰਘ (ਆਜ਼ਾਦ), ਅਰਵਿੰਦਰ ਸਿੰਘ (ਆਜ਼ਾਦ), ਫ਼ਿਰੋਜ਼ਪੁਰ ਤੋਂ ਮਨਪ੍ਰੀਤ ਕੌਰ, ਅੰਮ੍ਰਿਤਸਰ ਤੋਂ ਦਸਵਿੰਦਰ ਕੌਰ (ਭਾਰਤੀ ਕਮਿਊਨਿਸਟ ਪਾਰਟੀ), ਹੁਸ਼ਿਆਰਪੁਰ ਤੋਂ ਰੋਜੀਤ ਕੁਮਾਰ (ਆਜ਼ਾਦ), ਫ਼ਰੀਦਕੋਟ ਤੋਂ ਬਹਾਦਰ ਸਿੰਘ, ਜਗਦੀਸ਼ ਪਟਿਆਲਾ ਤੋਂ ਕੁਮਾਰ (ਆਜ਼ਾਦ), ਡਿੰਪਲ (ਆਜ਼ਾਦ), ਪੰਜਾਬ ਨੈਸ਼ਨਲ ਪਾਰਟੀ ਤੋਂ ਕ੍ਰਿਸ਼ਨ ਦੇਵ, ਗੁਰਦਾਸਪੁਰ ਤੋਂ ਤਰਸੇਮ ਸਮੀਹ (ਆਜ਼ਾਦ), ਖਡੂਰ ਸਾਹਿਬ ਤੋਂ ਚੈਨ ਸਿੰਘ (ਆਸ ਪੰਜਾਬ ਪਾਰਟੀ), ਦਵਿੰਦਰ ਰਾਜਪੂਤ (ਭਾਰਤੀ ਨੌਜਵਾਨ ਕਿਸਾਨ ਪਾਰਟੀ) ਨੇ ਨਾਮਜ਼ਦਗੀ ਭਰੀ। ਪਟਿਆਲਾ ਤੋਂ ਦਾਖਲਾ ਪੂਰਾ ਹੋ ਗਿਆ ਹੈ। ਇਸ ਦੌਰਾਨ ਅੱਜ ਲੁਧਿਆਣਾ ਤੋਂ ਇੱਕ ਵੀ ਨਾਮਜ਼ਦਗੀ ਫਾਰਮ ਦਾਖਲ ਨਹੀਂ ਹੋਇਆ।
ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਮੀਦਵਾਰ 14 ਮਈ ਤੱਕ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ ਅਤੇ ਨਾਮਜ਼ਦਗੀਆਂ ਦੀ ਪੜਤਾਲ 15 ਮਈ ਨੂੰ ਹੋਵੇਗੀ। ਉਮੀਦਵਾਰ 17 ਮਈ ਤੱਕ ਆਪਣੀ ਨਾਮਜ਼ਦਗੀ ਵਾਪਸ ਲੈ ਸਕਦੇ ਹਨ। ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਜਦਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ। ਚੋਣਾਂ ਮੁਕੰਮਲ ਕਰਨ ਦੀ ਆਖਰੀ ਮਿਤੀ 6 ਜੂਨ ਰੱਖੀ ਗਈ ਹੈ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੈ। ਨਾਮਜ਼ਦਗੀਆਂ ਜਨਤਕ ਛੁੱਟੀਆਂ ਨੂੰ ਛੱਡ ਕੇ 7 ਮਈ ਤੋਂ 14 ਮਈ, 2024 ਤੱਕ ਕਿਸੇ ਵੀ ਅਧਿਸੂਚਿਤ ਦਿਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 7 ਮਈ ਨੂੰ ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਲੋਕ ਸਭਾ ਸੀਟਾਂ ਲਈ ਕਿਸੇ ਵੀ ਉਮੀਦਵਾਰ ਵੱਲੋਂ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਹੈ।

