ਹੁਸ਼ਿਆਰਪੁਰ : ਹੁਸ਼ਿਆਰਪੁਰ 'ਚ ਕਾਰ 'ਚ ਸਫਰ ਕਰ ਰਹੇ ਇਕ ਪਰਿਵਾਰ ਨਾਲ ਦਰਦਨਾਕ ਸੜਕ ਹਾਦਸਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕੇਰੀਆਂ-ਹਾਜੀਪੁਰ ਰੋਡ 'ਤੇ ਵਾਪਰੇ ਇਸ ਦਰਦਨਾਕ ਹਾਦਸੇ 'ਚ ਕਾਰ 'ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 4 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਹਾਜੀਪੁਰ-ਮੁਕੇਰੀਆਂ ਰੋਡ 'ਤੇ ਬੁੱਢੇਵਾਲ ਮੋੜ ਨੇੜੇ ਇਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਮੁਕੇਰੀਆਂ ਜਾ ਰਹੇ ਇਕ ਪਰਿਵਾਰ ਦੀ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਦੇ ਪਰਖੱਚੇ ਉਡ ਗਏ। ਇਹ ਹਾਦਸਾ ਸ਼ਾਮ 5 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਗਗਨ ਜੀ ਕਾ ਟਿੱਲਾ ਮੰਦਰ ਤੋਂ ਵਾਪਸ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਕਾਰ ਸਵਾਰ ਜੈਸ਼ ਪੁੱਤਰ ਸ਼ਾਮ ਸੁੰਦਰ ਵਾਸੀ ਮੁਕੇਰੀਆਂ ਅਤੇ ਉਸਦੀ ਭੈਣ ਸੁਪ੍ਰੀਆ ਵਾਲੀਆ ਪਤਨੀ ਨਰਿੰਦਰ ਵਾਲੀਆ ਦੀ ਮੌਤ ਹੋ ਗਈ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਮਰਨ ਵਾਲੇ ਭੈਣ-ਭਰਾ ਦੱਸੇ ਜਾਂਦੇ ਹਨ, ਜਦਕਿ ਬਾਕੀ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

