ਖੰਨਾ: ਖੰਨਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਵਿੱਚ ਲੜਾਈ ਹੋਈ, ਜਿਸ ਵਿੱਚ ਗੋਲੀਆਂ ਵੀ ਚਲਾਈਆਂ ਗਈਆਂ। ਇਸ ਦੌਰਾਨ ਗੈਂਗ ਵਾਰ ਹੋਣ ਦਾ ਸ਼ੱਕ ਹੈ। ਗੋਲੀਬਾਰੀ ਵਿੱਚ ਕਾਲਜ ਦਾ ਇੱਕ ਮੁਲਾਜ਼ਮ ਜ਼ਖ਼ਮੀ ਹੋ ਗਿਆ ਹੈ। ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਦੱਸਿਆ ਜਾ ਰਿਹਾ ਹੈ ਕਿ ਕਾਲਜ 'ਚ ਕੁਝ ਵਿਦਿਆਰਥੀਆਂ ਵਿਚਾਲੇ ਝਗੜਾ ਹੋ ਗਿਆ ਸੀ। ਇਸ ਦੌਰਾਨ ਇਕ ਗੁੱਟ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਜਦੋਂ ਕੁਝ ਵਿਦਿਆਰਥੀ ਪ੍ਰਿੰਸੀਪਲ ਦੇ ਕਮਰੇ ਵੱਲ ਭੱਜੇ ਤਾਂ ਉਥੇ ਖੜ੍ਹੇ ਕਾਲਜ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਕਾਲਜ ਦੇ ਸੁਰੱਖਿਆ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਬਾਹਰ ਕੁਝ ਬੱਚਿਆਂ ਵਿਚਾਲੇ ਲੜਾਈ ਹੋਈ ਸੀ। ਫਾਇਰਿੰਗ ਦੀ ਆਵਾਜ਼ ਸੁਣ ਕੇ ਉਹ ਬਾਹਰ ਦੇਖਣ ਲਈ ਗਿਆ ਤਾਂ ਇਸੇ ਦੌਰਾਨ ਇਕ ਬੱਚਾ ਕਾਲਜ ਦੇ ਅੰਦਰ ਭੱਜਿਆ। ਬਾਅਦ 'ਚ ਕਿਸੇ ਨੇ ਉਸ 'ਤੇ ਗੋਲੀ ਚਲਾ ਦਿੱਤੀ, ਜੋ ਕਾਲਜ ਕਰਮਚਾਰੀ ਹੁਸਨ ਲਾਲ ਦੀ ਲੱਤ 'ਚ ਲੱਗੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ, ਹੋਰ ਵੇਰਵਿਆਂ ਦੀ ਉਡੀਕ ਹੈ।