ਜਲੰਧਰ : ਔਰਤਾਂ ਨਾਲ ਠੱਗੀ ਮਾਰਨ ਵਾਲੇ ਅਖੌਤੀ ਬਾਬੇ ਨੂੰ ਦੋਆਬਾ ਚੌਕ 'ਚ ਲੋਕਾਂ ਦੀ ਭੀੜ ਨੇ ਕਾਬੂ ਕਰ ਲਿਆ। ਬਾਬੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਥਾਣਾ 8 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਾਬੇ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਦੋ ਔਰਤਾਂ ਦੋਆਬਾ ਚੌਕ ਤੋਂ ਜਾ ਰਹੀਆਂ ਸਨ ਕਿ ਇਸ ਦੌਰਾਨ ਇਕ ਬਾਬਾ ਉਨ੍ਹਾਂ ਨਾਲ ਗੱਲਾਂ ਕਰਨ ਲੱਗਾ। ਜਿਵੇਂ ਹੀ ਉਹ ਗੱਲ ਕਰਨ ਤੋਂ ਬਾਅਦ ਕੁਝ ਦੂਰ ਗਿਆ ਤਾਂ ਇੱਕ ਔਰਤ ਅਤੇ ਇੱਕ ਬਾਈਕ ਸਵਾਰ ਵਿਅਕਤੀ ਆਏ, ਜਿਨ੍ਹਾਂ ਨੇ ਦੋਵਾਂ ਔਰਤਾਂ ਨੂੰ ਕਿਹਾ ਕਿ ਇਹ ਬਾਬਾ ਬਹੁਤ ਦੂਰ ਆਇਆ ਹੈ ਅਤੇ ਉਹ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਨਾ ਕਰਨ।
ਜੋੜੇ ਨੇ ਦੱਸਿਆ ਕਿ ਉਹ ਇਸ ਬਾਬੇ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੇ ਸਨ। ਜਿਵੇਂ ਹੀ ਔਰਤਾਂ ਨੂੰ ਸ਼ੱਕ ਹੋਇਆ, ਉਨ੍ਹਾਂ ਨੇ ਅਲਾਰਮ ਖੜ੍ਹਾ ਕਰ ਦਿੱਤਾ। ਇਸ ਦੌਰਾਨ ਬਾਈਕ ਸਵਾਰ ਉਥੋਂ ਫ਼ਰਾਰ ਹੋ ਗਏ ਜਦਕਿ ਪੱਗ ਬੰਨ ਕੇ ਲੋਕਾਂ ਦੀ ਭੀੜ 'ਚ ਆਏ ਅਖੌਤੀ ਬਾਬੇ ਨੂੰ ਕਾਬੂ ਕਰ ਲਿਆ ਗਿਆ।
ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ 8 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨਕਲੀ ਬਾਬੇ ਨੂੰ ਆਪਣੀ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ। ਪਿਛਲੇ ਕੁਝ ਸਮੇਂ ਤੋਂ ਅਜਿਹੇ ਅਖੌਤੀ ਬਾਬੇ ਜਲੰਧਰ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਤੋਂ ਸੋਨੇ ਦੇ ਗਹਿਣੇ ਅਤੇ ਨਕਦੀ ਆਦਿ ਦੀ ਠੱਗੀ ਮਾਰ ਰਹੇ ਹਨ।