ਫਿਲੌਰ – ਫਿਲੌਰ ਦੇ ਅੱਪਰਾ ਨੇੜਲੇ ਪਿੰਡ ਛੋਕਰਾਂ ਵਿਖੇ ਮਾਮੂਲੀ ਝਗੜੇ ਦੌਰਾਨ ਸਿਰ ਵਿੱਚ ਇੱਟ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਕਾਤਲ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਦੇ ਐਸ.ਐਚ.ਓ ਸੁਖਦੇਵ ਸਿੰਘ ਫਿਲੌਰ ਅਤੇ ਸਬ-ਇੰਸਪੈਕਟਰ ਸੁਖਵਿੰਦਰਪਾਲ ਸਿੰਘ ਮੁਲਤਾਨੀ ਚੌਕੀ ਅੱਪਰਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਲਿਖਤੀ ਬਿਆਨਾਂ 'ਚ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪਿਤਾ ਰੂਪ ਲਾਲ ਉਰਫ਼ ਰੂਪ ਪੁੱਤਰ ਜੀਤ ਰਾਮ ਦੀ ਮੌਤ ਹੋ ਗਈ ਸੀ। ਪੀਰ ਲੱਖ ਦਾਤੇ ਦੀ ਕਬਰ ਦੇ ਕੋਲ ਪਿੰਡ ਦੇ ਤਿੰਨ ਵਿਅਕਤੀਆਂ ਨੇ ਉਸ ਨੂੰ ਰੋਕਿਆ ਅਤੇ ਸ਼ਰਾਬ ਪੀਣ ਬਾਰੇ ਪੁੱਛਿਆ।
ਉਸ ਦੇ ਪਿਤਾ ਨੇ ਉਸ ਨੂੰ ਇਹ ਕਹਿ ਕੇ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਦਿਹਾੜੀਦਾਰ ਮਜ਼ਦੂਰ ਹੈ। ਉਸ ਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ, ਇਸ ਲਈ ਉਹ ਸ਼ਰਾਬ ਨਹੀਂ ਪੀ ਸਕਦਾ। ਇਹ ਸੁਣ ਕੇ ਸੁੱਚਾ ਰਾਮ ਅਤੇ ਉਸ ਦੇ ਦੋਸਤ ਕਮਲਜੀਤ ਗੁੱਲਾ ਨੇ ਰੂਪ ਲਾਲ ਦੇ ਸਿਰ ’ਤੇ ਇੱਟਾਂ ਮਾਰ ਕੇ ਉਸ ਨੂੰ ਹੇਠਾਂ ਡਿੱਗਾ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਤੀਜੇ ਸਾਥੀ ਜਸਵਿੰਦਰ ਪਾਲ ਜੱਸੀ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਇਸ ਕੁੱਟਮਾਰ ਵਿੱਚ ਉਸਦੇ ਪਿਤਾ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਰੂਪ ਲਾਲ ਦੇ ਲੜਕੇ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਅੱਪਰਾ ਵਿਖੇ ਦਾਖ਼ਲ ਕਰਵਾਉਣ ਲਈ ਲੈ ਕੇ ਜਾਣ ਲੱਗਾ ਤਾਂ ਇਨ੍ਹਾਂ ਤਿੰਨਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਉਸ ਨੇ ਉੱਥੇ ਜਾ ਕੇ ਦੱਸਿਆ ਕਿ ਉਨ੍ਹਾਂ ਦੀ ਲੜਾਈ ਹੋਈ ਹੈ ਤਾਂ ਉਹ ਉਸ ਨੂੰ ਵੀ ਮਾਰ ਦੇਣਗੇ।
ਰੂਪ ਲਾਲ ਦੇ ਲੜਕੇ ਨੇ ਅੱਗੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਉਸ ਦੇ ਸਿਰ, ਲੱਤਾਂ ਅਤੇ ਪੈਰਾਂ 'ਤੇ ਹਮਲਾ ਕਰ ਦਿੱਤਾ। ਥਾਣਾ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨੇ ਅੱਗੇ ਦੱਸਿਆ ਕਿ ਰੂਪ ਲਾਲ ਦੀ ਕੱਲ੍ਹ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਸੁੱਚਾ ਰਾਮ ਪੁੱਤਰ ਸੋਹਣ ਲਾਲ, ਕਮਲਜੀਤ ਘੁੱਲਾ ਪੁੱਤਰ ਨੰਜੂ ਰਾਮ ਅਤੇ ਜਸਵਿੰਦਰ ਪਾਲ ਉਰਫ਼ ਜੱਸੀ ਪੁੱਤਰ ਚਰਨਜੀਤ ਰਾਮ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।