
ਗੜ੍ਹਸ਼ੰਕਰ : ਜ਼ਿਲੇ 'ਚ ਹਿਮਾਚਲ ਪ੍ਰਦੇਸ਼ ਦੀ ਇਕ ਸਵਿਫਟ ਕਾਰ ਬਹਾਵ 'ਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਸੋਮਵਾਰ ਸਵੇਰੇ 8 ਵਜੇ ਜੇਜੋਂ ਦੁਆਬੇ ਦੇ ਲੋਕਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਕਿ ਹਿਮਾਚਲ ਪ੍ਰਦੇਸ਼ ਤੋਂ ਆਈ ਸਵਿਫਟ ਕਾਰ 'ਚ ਬੈਠੇ ਤਿੰਨ ਨੌਜਵਾਨ ਬਰਸਾਤੀ ਪਾਣੀ ਦੇ ਵਹਾਅ 'ਚ ਤਿਲਕਣ ਲੱਗੇ ਹਨ। ਇਸ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬੜੀ ਮੁਸ਼ਕਲ ਨਾਲ ਉਸ ਨੂੰ ਬਚਾਇਆ। ਇਨ੍ਹਾਂ ਨੌਜਵਾਨਾਂ ਦੀ ਬਹਾਦਰੀ ਦੀ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੌਜਵਾਨ ਮਨੋਜ ਕੁਮਾਰ ਅਤੇ ਰੋਹਿਤ ਜੈਨ ਉਰਫ਼ ਬੰਟੀ ਨੇ ਦੱਸਿਆ ਕਿ ਉਹ ਅਤੇ ਹੋਰ ਲੋਕ ਰਜਬਾਹੇ ਕੋਲ ਖੜ੍ਹੇ ਹੋ ਕੇ ਬਰਸਾਤੀ ਪਾਣੀ ਨੂੰ ਦੇਖ ਰਹੇ ਸਨ, ਜਦੋਂ ਇੱਕ ਹਿਮਾਚਲ ਪ੍ਰਦੇਸ਼ ਦੀ ਕਾਰ ਨੰਬਰ (ਐਚ.ਪੀ. 80 ਏ 7734) ਪਾਣੀ ਦੇ ਤੇਜ਼ ਵਹਾਅ ਵਿੱਚ ਵਹਿਣ ਲੱਗੀ। ਉਨ੍ਹਾਂ ਕਿਹਾ ਕਿ ਇਹ ਨਜ਼ਾਰਾ ਦੇਖ ਕੇ 11 ਅਗਸਤ ਦਾ ਹਾਦਸਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਆ ਗਿਆ, ਜਿਸ ਵਿੱਚ 11 ਲੋਕਾਂ ਦੀ ਜਾਨ ਚਲੀ ਗਈ।
ਰੋਹਿਤ ਜੈਨ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਨਾਲ ਖੜ੍ਹੇ ਨੌਜਵਾਨਾਂ ਲਿਆਕਤ ਅਲੀ, ਵਿੱਕੀ ਖੰਨੀ, ਅਸ਼ਵਨੀ ਅਤੇ ਵੰਸ਼ ਗੱਜਰ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਕਾਰ ਵਿੱਚ ਸਵਾਰ ਨੌਜਵਾਨਾਂ ਨੂੰ ਤੁਰੰਤ ਬਾਹਰ ਕੱਢਿਆ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਲੋਕਾਂ ਅਤੇ ਵਾਹਨਾਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਨਾਲ ਪਲਟ ਗਈ ਕਾਰ ਨੂੰ ਬਾਹਰ ਕੱਢਿਆ ਅਤੇ ਕਿਨਾਰੇ 'ਤੇ ਖੜ੍ਹਾ ਕੀਤਾ। ਉਸਨੇ ਦੱਸਿਆ ਕਿ ਸਵਿਫਟ ਕਾਰ ਵਿੱਚ ਸਵਾਰ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਪਿੰਡ ਬਿਟਨ ਦੇ ਵਸਨੀਕ ਸਨ ਅਤੇ ਮਾਹਿਲਪੁਰ ਵੱਲ ਜਾ ਰਹੇ ਸਨ। ਦੱਸ ਦੇਈਏ ਕਿ ਪਿਛਲੇ ਮਹੀਨੇ 11 ਅਗਸਤ ਨੂੰ ਸਵੇਰੇ ਕਰੀਬ 10.30 ਵਜੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਦੇਹਲਾ ਤੋਂ ਨਵਾਂਸ਼ਹਿਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਲੋਕਾਂ ਦੀ ਇਨੋਵਾ ਕਾਰ ਮੀਂਹ ਦੇ ਪਾਣੀ ਵਿੱਚ ਵਹਿ ਗਈ ਸੀ, ਜਿਸ ਵਿੱਚ 12… ਲੋਕ ਸਫ਼ਰ ਕਰ ਰਹੇ ਸਨ। ਉਸ ਸਮੇਂ ਵੀ ਰੋਹਿਤ ਜੈਨ ਉਰਫ ਬੰਟੀ, ਪੰਮੀ, ਦੀਪਕ ਕੁਮਾਰ, ਰਵੀ, ਸ਼ਿਵਮ ਪ੍ਰਜਾਤਿਆ, ਸੋਨੂੰ, ਅਕਸ਼ੈ, ਵਿਸ਼ਾਲ, ਅਤੁਲ ਅਤੇ ਲਾਡੀ ਨੇ ਇਨ੍ਹਾਂ 'ਚੋਂ ਇਕ ਦੀਪਕ ਭਾਟੀਆ ਨੂੰ ਬਚਾ ਲਿਆ ਸੀ, ਜਦਕਿ 11 ਲੋਕਾਂ ਦੀ ਮੌਤ ਹੋ ਗਈ ਸੀ।

