ਸੈਲਾ ਖੁਰਦ : ਨੇੜਲੇ ਇਲਾਕੇ ਸ਼ੇਰਾਵਾਲਾ ਫਾਟਕ ਦੇ ਨਜ਼ਦੀਕ ਇੱਕ ਸੰਘਣੀ ਆਬਾਦੀ ਵਿੱਚ ਇੱਕ ਨਿਡਰ ਲੁਟੇਰੇ ਨੇ ਦਿਨ-ਦਿਹਾੜੇ ਚਾਕੂ ਦੀ ਨੋਕ ’ਤੇ ਘਰ ਵਿੱਚ ਦਾਖਲ ਹੋ ਕੇ ਇੱਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰਾਮ ਪਿਆਰੀ ਪਤਨੀ ਜਗਤ ਨਰਾਇਣ ਤੀਰਥ ਸਿੰਘ ਦੇ ਘਰ ਕਿਰਾਏ 'ਤੇ ਰਹਿੰਦੀ ਹੈ।
ਇਸ ਘਰ ਵਿਚ ਕਿਰਾਏ 'ਤੇ 9 ਕਮਰੇ ਦਿੱਤੇ ਗਏ ਹਨ, ਜਿਨ੍ਹਾਂ ਵਿਚ ਵੱਖ-ਵੱਖ ਪ੍ਰਵਾਸੀ ਰਹਿੰਦੇ ਹਨ। ਜਦੋਂ ਪੀੜਤ ਔਰਤ ਰਾਮ ਪਿਆਰੀ ਘਰ 'ਚ ਮੌਜੂਦ ਸੀ ਤਾਂ ਲੁਟੇਰੇ ਨੇ ਚਾਕੂ ਦੀ ਨੋਕ 'ਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ।
ਲੁਟੇਰੇ ਦੇ ਘਰ ਅੰਦਰ ਦਾਖਲ ਹੋਣ ਦੀ ਸੀਸੀਟੀਵੀ ਫੁਟੇਜ ਚ ਕੈਦ ਹੋ ਗਈ ਹੈ। ਪੀੜਤਾ ਨੇ ਸਥਾਨਕ ਪੁਲਸ ਚੌਕੀ ਪਹੁੰਚ ਕੇ ਇਸ ਘਟਨਾ ਦੀ ਸੂਚਨਾ ਦਿੱਤੀ। ਇਲਾਕੇ ਵਿੱਚ ਅਜਿਹੀਆਂ ਵਾਰਦਾਤਾਂ ਅਤੇ ਲੁਟੇਰਿਆਂ ਦੇ ਵੱਧ ਰਹੇ ਹੌਸਲੇ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

