ਨਕੋਦਰ : ਨਕੋਦਰ-ਜੰਡਿਆਲਾ ਰੋਡ 'ਤੇ ਪਿੰਡ ਸ਼ੰਕਰ ਨੇੜੇ ਮੋਟਰਸਾਈਕਲ ਅਤੇ ਕੈਂਟਰ ਵਿਚਕਾਰ ਭਿਆਨਕ ਟੱਕਰ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਲੜਕੇ ਅਤੇ ਲੜਕੀ ਦੀ ਮੌਤ ਹੋ ਗਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਸ਼ੰਕਰ ਏਏਆਈ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ 'ਚ ਨੁਕਸਾਨੇ ਵਾਹਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਆਕਾਸ਼ (19) ਪੁੱਤਰ ਰਾਜਾ ਰਾਮ, ਪੂਜਾ ਪੁੱਤਰੀ ਵਿਜੇ ਕੁਮਾਰ ਵਾਸੀ ਸੈਕਟਰ 56, ਚੰਡੀਗੜ੍ਹ ਵਜੋਂ ਹੋਈ ਹੈ। ਚੌਕੀ ਇੰਚਾਰਜ ਸ਼ੰਕਰ ਦੇ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਆਕਾਸ਼ ਅਤੇ ਪੂਜਾ ਚੰਡੀਗੜ੍ਹ ਤੋਂ ਮੋਟਰਸਾਈਕਲ ’ਤੇ ਨਕੋਦਰ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਲਈ ਆ ਰਹੇ ਸਨ। ਹਾਦਸੇ 'ਚ ਨੌਜਵਾਨ ਆਕਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪਿੱਛੇ ਬੈਠੀ ਲੜਕੀ ਪੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਜਲੰਧਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਰ ਇਲਾਜ ਦੌਰਾਨ ਸ਼ਾਮ ਨੂੰ ਉਸ ਦੀ ਵੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।


