ਲੁਧਿਆਣਾ : ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਆਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਆਈ.ਏ.ਐੱਸ ਵੱਲੋਂ ਜਾਰੀ ਹਦਾਇਤਾਂ ਦੇ ਸਬੰਧ ਵਿੱਚ ਆਬਕਾਰੀ ਵਿਭਾਗ ਲੁਧਿਆਣਾ ਵਿਖੇ ਲਾਇਸੰਸਧਾਰਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਲੁਧਿਆਣਾ ਪੂਰਬੀ ਰੇਂਜ ਦੇ ਅਧਿਕਾਰੀ ਅਮਿਤ ਗੋਇਲ ਅਤੇ ਅਸ਼ੋਕ ਕੁਮਾਰ ਨੇ ਲੁਧਿਆਣਾ ਦੇ ਸਮੂਹ ਲਾਇਸੰਸਧਾਰਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਇਸ ਦੌਰਾਨ ਅਮਿਤ ਗੋਇਲ ਨੇ ਦੱਸਿਆ ਕਿ ਸਮੂਹ ਲਾਇਸੰਸਧਾਰਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਬਕਾਰੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ | ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਲਾਇਸੰਸਧਾਰੀ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸੇ ਲੜੀ ਤਹਿਤ ਅੱਜ ਦੇਰ ਰਾਤ ਤੱਕ ਅਧਿਕਾਰੀਆਂ ਦੀਆਂ ਟੀਮਾਂ ਨੇ ਦੋਰਾਹਾ, ਖੰਨਾ, ਸਾਹਨੇਵਾਲ, ਪਾਇਲ ਸਰਕਲ ਦੀ ਚੈਕਿੰਗ ਕੀਤੀ ਜਿਸ ਵਿੱਚ ਆਬਕਾਰੀ ਅਫ਼ਸਰ ਅਮਿਤ ਗੋਇਲ ਦੇ ਨਾਲ ਆਬਕਾਰੀ ਇੰਸਪੈਕਟਰ ਸਤਪਾਲ ਸਿੰਘ, ਮੇਜਰ ਸਿੰਘ, ਨਵਦੀਪ ਸਿੰਘ ਅਤੇ ਆਬਕਾਰੀ ਪੁਲੀਸ ਸ਼ਾਮਲ ਸਨ। ਇਸ ਦੌਰਾਨ ਅਧਿਕਾਰੀਆਂ ਨੇ ਹਦਾਇਤਾਂ ਅਨੁਸਾਰ ਬੰਦ ਪਈਆਂ ਇਮਾਰਤਾਂ ਅਤੇ ਢਾਬਿਆਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਜਾਂਚ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।

