ਜਲੰਧਰ : ਜ਼ਿਲਾ ਜਲੰਧਰ 'ਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਡੇਂਗੂ ਦੇ 2 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਵਿੱਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ, ਜਿਨ੍ਹਾਂ ਵਿੱਚੋਂ 23 ਮਰੀਜ਼ ਸ਼ਹਿਰੀ ਅਤੇ 14 ਪੇਂਡੂ ਖੇਤਰ ਦੇ ਵਸਨੀਕ ਹਨ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸ਼ੋਭਨਾ ਬਾਂਸਲ ਨੇ ਦੱਸਿਆ ਕਿ ਸੋਮਵਾਰ ਨੂੰ ਡੇਂਗੂ ਪਾਜ਼ੀਟਿਵ ਆਈ 50 ਸਾਲਾ ਔਰਤ ਪਿੰਡ ਬੱਕੂ ਨੰਗਲ ਦੀ ਹੈ ਅਤੇ 17 ਸਾਲਾ ਨੌਜਵਾਨ ਫਿਲੌਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਡੇਂਗੂ ਦੇ 48 ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 3 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਦੂਜੇ ਜ਼ਿਲ੍ਹੇ ਦਾ ਵਸਨੀਕ ਹੈ। ਡਾ: ਸ਼ੋਭਨਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਸ਼ਹਿਰੀ ਖੇਤਰ ਦੇ 781 ਘਰਾਂ ਅਤੇ ਪੇਂਡੂ ਖੇਤਰਾਂ ਦੇ 2256 ਘਰਾਂ ਦਾ ਸਰਵੇਖਣ ਕੀਤਾ ਅਤੇ ਉਨ੍ਹਾਂ ਨੂੰ 14 ਥਾਵਾਂ 'ਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਮਿਲੇ ਹਨ। ਇਨ੍ਹਾਂ ਵਿੱਚੋਂ 10 ਥਾਵਾਂ ਸ਼ਹਿਰੀ ਅਤੇ 4 ਪੇਂਡੂ ਖੇਤਰਾਂ ਵਿੱਚ ਹਨ।

