ਲੁਧਿਆਣਾ: ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਲਾਡੋਵਾਲ ਦੀ ਪੁਲਿਸ ਨੇ ਲੁੱਟ-ਖੋਹ ਅਤੇ ਚੋਰੀ ਦੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਏਸੀਪੀ ਵੈਸਟ ਗੁਰਦੇਵ ਸਿੰਘ ਅਤੇ ਥਾਣਾ ਮੁਖੀ ਹਰਪ੍ਰੀਤ ਸਿੰਘ ਦੇਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੰਬੜਾ ਚੌਕੀ ਇੰਚਾਰਜ ਗੁਰਚਰਨਜੀਤ ਸਿੰਘ ਦੀ ਪੁਲਿਸ ਟੀਮ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਬੀਤੀ ਰਾਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
ਪੁਲਿਸ ਨੇ ਉਨ੍ਹਾਂ ਕੋਲੋਂ ਚੋਰੀ ਦੇ ਚਾਰ ਮੋਟਰਸਾਈਕਲ ਅਤੇ ਛੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਰਾਜਵਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਛਗਨ ਅਤੇ ਭੀਮ ਪਾਸਵਾਨ ਪੁੱਤਰ ਰਾਮ ਜਨਮ ਪਾਸਵਾਨ ਵਾਸੀ ਰਿਸ਼ੀ ਨਗਰ ਹੰਬੜਾ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਲਾਡੋਵਾਲ ਥਾਣੇ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਉਕਤ ਇਲਾਕੇ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ ਜੋ ਆਪਣੇ ਨਸ਼ੇ ਨੂੰ ਪੂਰਾ ਕਰਨ ਲਈ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਅੱਜ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਤਾਂ ਜੋ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

