ਅੰਮ੍ਰਿਤਸਰ: ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਇੱਕ ਕਾਰ ਵਿੱਚੋਂ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ।
ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤੇ ਤਸਕਰ ਜਤਿੰਦਰ ਸਿੰਘ ਗਿੱਲ ਉਰਫ ਜੱਸੀ ਦੀ ਨਿਸ਼ਾਨਦੇਹੀ 'ਤੇ ਅੰਮ੍ਰਿਤਸਰ ਦੇ ਨੇਪਾਲ ਪਿੰਡ ਵਿੱਚ ਉਸ ਦੇ ਚਾਚੇ ਦੇ ਘਰੋਂ 10 ਕਰੋੜ ਰੁਪਏ ਦੀ ਹੈਰੋਇਨ ਨਾਲ ਭਰੀ ਇੱਕ ਫਾਰਚੂਨਰ ਕਾਰ ਬਰਾਮਦ ਕੀਤੀ ਹੈ। ਜਤਿੰਦਰ ਸਿੰਘ ਇਸ ਕਾਰ 'ਚ ਦਿੱਲੀ ਤੋਂ ਪੰਜਾਬ ਆਇਆ ਸੀ ਅਤੇ ਨਵੇਂ ਸਾਲ ਦੇ ਮੌਕੇ 'ਤੇ ਇਹ ਸਾਰੀ ਕੋਕੀਨ ਵੱਖ-ਵੱਖ ਤਸਕਰਾਂ ਨੂੰ ਵੰਡੀ ਜਾਣੀ ਸੀ ਪਰ ਸਿੰਡੀਕੇਟ ਦੇ ਕੁਝ ਮੈਂਬਰਾਂ ਦੇ ਫੜੇ ਜਾਣ ਤੋਂ ਬਾਅਦ ਜਤਿੰਦਰ ਸਿੰਘ ਉਕਤ ਕਾਰ ਨੂੰ ਆਪਣੇ ਚਾਚੇ ਦੇ ਘਰ ਛੱਡ ਕੇ ਇੰਗਲੈਂਡ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਸ ਨੇ ਉਸ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਫੜ ਲਿਆ। ਇਸੇ ਦੇ ਆਧਾਰ 'ਤੇ ਪੁਲਿਸ ਨੇ ਹੁਣ ਉਕਤ ਕਾਰ ਬਰਾਮਦ ਕਰ ਲਈ ਹੈ, ਜਿਸ 'ਚ ਕਰੀਬ 10 ਕਰੋੜ ਰੁਪਏ ਦੀ ਕੋਕੀਨ ਵੀ ਬਰਾਮਦ ਕੀਤੀ ਗਈ ਹੈ। ਅੰਮ੍ਰਿਤਸਰ ਪੁਲਿਸ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਨਸ਼ਾ ਤਸਕਰ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।

