ਨਵਾਂਸ਼ਹਿਰ : ਮਾਈਨਿੰਗ ਵਿਭਾਗ ਦੀ ਟੀਮ ਨੇ ਨਾਜਾਇਜ਼ ਮਾਈਨਿੰਗ 'ਚ ਲੱਗੇ ਰੇਤ ਨਾਲ ਭਰੇ ਦੋ ਟਿੱਪਰਾਂ ਸਮੇਤ ਕੁੱਲ 11 ਟਿੱਪਰ ਜ਼ਬਤ ਕੀਤੇ ਹਨ ਜਦਕਿ ਟਿੱਪਰਾਂ ਦੇ ਡਰਾਈਵਰ ਮਾਈਨਿੰਗ ਵਿਭਾਗ ਦੀ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਏ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਜੇ.ਈ. ਮਾਈਨਿੰਗ ਇੰਸਪੈਕਟਰ ਨਵਾਂਸ਼ਹਿਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਰੁਟੀਨ ਚੈਕਿੰਗ ਦੌਰਾਨ ਪਿੰਡ ਕਾਠਗੜ੍ਹ ਚੋਆ ਨੇੜੇ ਪਹੁੰਚੇ ਤਾਂ ਦੂਜੇ ਪਾਸਿਓਂ 2 ਟਿੱਪਰ ਆ ਰਹੇ ਸਨ ਤਾਂ ਮਾਈਨਿੰਗ ਵਿਭਾਗ ਦੀ ਗੱਡੀ ਦੇਖ ਕੇ ਟਿੱਪਰ ਮਾਲਕ ਮੌਕੇ ਤੋਂ ਫਰਾਰ ਹੋ ਗਿਆ। ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਰੇਤ ਨਾਲ ਭਰੇ ਦੋਵੇਂ ਟਿੱਪਰ 750-750 ਸੀਐਫਟੀ ਰੇਤ ਨਾਲ ਭਰੇ ਹੋਏ ਸਨ। ਇਸੇ ਤਰ੍ਹਾਂ ਕਾਠਗੜ੍ਹ ਚੋਆ 'ਚ 9 ਹੋਰ ਟਿੱਪਰ ਖੜ੍ਹੇ ਸਨ। ਜਿਨ੍ਹਾਂ 'ਤੇ ਸ਼ੱਕ ਹੈ ਕਿ ਉਹ ਗੈਰ-ਕਾਨੂੰਨੀ ਮਾਈਨਿੰਗ 'ਚ ਵੀ ਲੱਗੇ ਹੋਏ ਹਨ। ਮਾਈਨਿੰਗ ਇੰਸਪੈਕਟਰ ਦੀ ਸ਼ਿਕਾਇਤ 'ਤੇ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਅਣਪਛਾਤੇ ਟਿੱਪਰ ਚਾਲਕਾਂ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

