ਮੁੱਲਾਂਪੁਰ ਦਾਖਾ : ਪਿੰਡ ਹਸਨਪੁਰ 'ਚ 5 ਜਨਵਰੀ ਨੂੰ ਸ਼ਾਮ ਕਰੀਬ 5 ਵਜੇ ਇਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਪਤੰਗ ਲੁੱਟਣ ਖੇਤਾਂ 'ਚ ਗਿਆ, ਜਿੱਥੇ ਅਵਾਰਾ ਅਤੇ ਖਤਰਨਾਕ ਕੁੱਤਿਆਂ ਨੇ ਉਸ ਨੂੰ ਘੇਰ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਬਿਹਾਰ ਤੋਂ ਪਿੰਡ ਹਸਨਪੁਰ 'ਚ ਪਿਛਲੇ 24 ਸਾਲਾਂ ਤੋਂ ਰਹਿ ਰਹੇ ਪ੍ਰਵਾਸੀ ਮਜ਼ਦੂਰ ਅਰਜੁਨ ਪੁੱਤਰ ਸ਼ੰਕਰ ਜੋ ਸਜਾਵਟ ਦਾ ਕੰਮ ਕਰਦਾ ਹੈ ਅਤੇ ਚਾਹ ਦੀ ਦੁਕਾਨ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ, ਆਪਣੇ ਦੋਸਤਾਂ ਨਾਲ ਪਤੰਗਾਂ ਲੁੱਟ ਰਿਹਾ ਸੀ। ਪਤੰਗਾਂ ਲੁੱਟਦੇ ਹੋਏ ਅਰਜੁਨ ਆਪਣੇ ਦੋਸਤਾਂ ਤੋਂ ਵੱਖ ਹੋ ਕੇ ਖੇਤਾਂ 'ਚ ਜਾ ਕੇ ਇਕੱਤਰ ਕੀਤੀਆਂ ਪਤੰਗਾਂ ਨਾਲ ਇਕ ਹੋਰ ਪਤੰਗ ਲੁੱਟਣ ਗਿਆ। ਉਸੇ ਸਮੇਂ, ਅਵਾਰਾ ਅਤੇ ਖੂੰਖਾਰ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸਨੂੰ ਮਾਰ ਦਿੱਤਾ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ, ਤਿੰਨ ਪੁੱਤਰ ਅਤੇ ਇਕ ਧੀ ਹੈ। ਅਰਜੁਨ ਉਨ੍ਹਾਂ ਵਿਚੋਂ ਸਭ ਤੋਂ ਵੱਡਾ ਸੀ ਅਤੇ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਸਿਰਫ ਦੋ ਰੁਪਏ ਦੀ ਪਤੰਗ ਨੇ ਉਸ ਦੀ ਜਾਨ ਲੈ ਲਈ।


