ਲੁਧਿਆਣਾ: ਲੁਧਿਆਣਾ 'ਚ ਇਕ ਭਿਆਨਕ ਹਾਦਸੇ 'ਚ ਬਿਜਲੀ ਬੰਦ ਹੋਣ ਦੀ ਖ਼ਬਰ ਮਿਲੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਗਲਤ ਸਾਈਡ ਤੋਂ ਆ ਰਹੀ ਟਰਾਲੀ ਨੇ ਬਿਜਲੀ ਦੇ ਟਰਾਂਸਫਾਰਮਰ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਟਰਾਲੀ ਤੂੜੀ ਨਾਲ ਭਰੀ ਹੋਈ ਸੀ ਅਤੇ ਬੈਕਅਪ ਕਰਦੇ ਸਮੇਂ ਜੱਸੀਆਂ ਨੇੜੇ ਮੋੜ 'ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਜ਼ੋਰ ਨਾਲ ਟਕਰਾ ਗਈ। ਟੱਕਰ ਕਾਰਨ ਖੰਭੇ ਅਤੇ ਟਰਾਂਸਫਾਰਮਰ ਹੇਠਾਂ ਡਿੱਗ ਗਏ, ਜਿਸ ਕਾਰਨ ਪੂਰੇ ਇਲਾਕੇ 'ਚ ਬਿਜਲੀ ਬੰਦ ਹੋ ਗਈ। ਮੌਕੇ 'ਤੇ ਪਾਵਰਕਾਮ ਦੇ ਐਸਡੀਓ ਸ਼ਿਵ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਟਰੱਕ ਡਰਾਈਵਰ ਨੇ ਟਰਾਂਸਫਾਰਮਰ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਨਾਲ ਲੱਗਦੇ ਇਲਾਕੇ ਦੀ ਬਿਜਲੀ ਪ੍ਰਭਾਵਿਤ ਹੋਈ। ਡਰਾਈਵਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਟਰਾਲੀ ਦੀ ਟੱਕਰ ਕਾਰਨ ਜੋ ਵੀ ਨੁਕਸਾਨ ਹੋਇਆ ਹੈ, ਟਰਾਲੀ ਮਾਲਕ ਵਲੋਂ ਮੁਆਵਜ਼ਾ ਭਰਿਆ ਜਾਵੇਗਾ। ਫਿਲਹਾਲ ਪੁਲਿਸ ਡਰਾਈਵਰ ਦੀ ਜਾਂਚ ਕਰੇਗੀ ਅਤੇ ਕਾਰਵਾਈ ਵੀ ਕੀਤੀ ਜਾਵੇਗੀ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਕਿਉਂਕਿ ਟਰਾਂਸਫਾਰਮਰ ਦੇ ਨੇੜੇ ਸ਼ਰਾਬ ਦੀ ਦੁਕਾਨ ਵੀ ਹੈ ਜਿੱਥੇ ਲੋਕ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ।

