ਜਲੰਧਰ(ਬਿਊਰੋ)— ਜਲੰਧਰ ਦੇ ਇਕ ਪੈਟਰੋਲ ਪੰਪ 'ਤੇ ਲੁੱਟ-ਖੋਹ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਇਕ ਪੈਟਰੋਲ ਪੰਪ 'ਤੇ ਨਕਾਬਪੋਸ਼ ਲੁਟੇਰੇ ਬੰਦੂਕ ਦੀ ਨੋਕ 'ਤੇ 35,000 ਰੁਪਏ ਲੈ ਕੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਪੰਪ ਦਾ ਕਰਮਚਾਰੀ ਗਾਹਕ ਦੀ ਗੱਡੀ 'ਚ ਪੈਟਰੋਲ ਪਾ ਰਿਹਾ ਸੀ ਕਿ ਮੋਟਰਸਾਈਕਲ 'ਤੇ ਸਵਾਰ 3 ਨਕਾਬਪੋਸ਼ ਲੁਟੇਰੇ ਆਏ। ਮੋਟਰਸਾਈਕਲ ਤੋਂ ਉਤਰੇ ਲੁਟੇਰਿਆਂ ਵਿਚੋਂ ਇਕ ਨੇ ਬੰਦੂਕ ਦੀ ਨੋਕ 'ਤੇ ਕਰਮਚਾਰੀ ਨੂੰ ਧਮਕਾਇਆ ਅਤੇ 35,000 ਰੁਪਏ ਲੈ ਕੇ ਫਰਾਰ ਹੋ ਗਿਆ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਨਕਾਬਪੋਸ਼ ਨੌਜਵਾਨਾਂ ਨੇ ਹਵਾ 'ਚ ਫਾਇਰਿੰਗ ਵੀ ਕੀਤੀ। ਇਸ ਦੌਰਾਨ ਸੂਚਨਾ ਮਿਲਦੇ ਹੀ ਅਲਾਵਪੁਰ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਦੌਰਾਨ ਉਨ੍ਹਾਂ ਨੂੰ ਗੋਲੀਆਂ ਦੇ ਖੋਲੇ ਵੀ ਮਿਲੇ ਜਿਨ੍ਹਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ। ਦੋਸ਼ੀ ਨੌਜਵਾਨਾਂ ਨੇ ਪਹਿਲਾਂ ਰੇਕੀ ਕੀਤੀ, ਜਿਸ ਕਾਰਨ ਉਨ੍ਹਾਂ ਨੇ ਬੇਖੌਫ ਹੋ ਕੇ ਪੈਟਰੋਲ ਪੰਪ 'ਤੇ ਲੁੱਟ ਨੂੰ ਅੰਜਾਮ ਦਿੱਤਾ।

