ਜ਼ੀਰਾ : ਸੰਘਣੀ ਧੁੰਦ ਕਾਰਨ ਪਿੰਡ ਮਰਖਾਈ ਨੇੜੇ ਇਕ ਟਰਾਲਾ ਅਤੇ ਇਨੋਵਾ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (40) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚਹਿਲਾਂ, ਜ਼ਿਲ੍ਹਾ ਫਰੀਦਕੋਟ ਅਤੇ ਉਸ ਦਾ ਦੋਸਤ ਸੁਖਦੀਪ ਸਿੰਘ ਉਰਫ ਦੇਵ (36) ਪੁੱਤਰ ਜਗਸੀਰ ਸਿੰਘ ਇਨੋਵਾ ਵਿਚ ਭੋਗ ਪਾਉਣ ਲਈ ਪਿੰਡ ਰੱਤਾ ਖੇੜਾ ਗਏ ਸਨ।
ਗੁਰਪ੍ਰੀਤ ਸਿੰਘ ਆਪਣੇ ਦੋਸਤ ਨੂੰ ਪਿੰਡ 'ਚ ਛੱਡ ਕੇ ਜਾ ਰਿਹਾ ਸੀ, ਜਦੋਂ ਉਹ ਸਵੇਰੇ ਕਰੀਬ 11 ਵਜੇ ਪਿੰਡ ਮਰਖਾਈ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਟਰਾਲਾ ਆ ਰਿਹਾ ਸੀ ਅਤੇ ਇਹ ਇਨੋਵਾ ਕਾਰ ਨਾਲ ਟਕਰਾ ਗਿਆ। ਇਸ ਹਾਦਸੇ 'ਚ ਇਨੋਵਾ ਕਾਰ 'ਚ ਸਵਾਰ ਗੁਰਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਦੋਸਤ ਸੁਖਦੀਪ ਸਿੰਘ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ। ਜ਼ੀਰਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਅਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਦੂਜੇ ਹਸਪਤਾਲ ਭੇਜ ਦਿੱਤਾ। ਸੜਕ ਹਾਦਸੇ ਦਾ ਪਤਾ ਲੱਗਣ 'ਤੇ ਮੇਜਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

