ਲੁਧਿਆਣਾ: ਲੁਧਿਆਣਾ 'ਚ ਇਕ ਨੌਜਵਾਨ 'ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ 'ਚ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਪੁਰਾਣੀ ਦੁਸ਼ਮਣੀ ਕਾਰਨ 3 ਹਮਲਾਵਰਾਂ ਨੇ ਸ਼ਿਵਪੁਰੀ, ਮੱਖਣ ਚੌਕ ਨੇੜੇ ਇਕ ਨੌਜਵਾਨ 'ਤੇ ਹਮਲਾ ਕਰ ਦਿੱਤਾ। ਇਸ ਘਟਨਾ 'ਚ ਨੌਜਵਾਨ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ ਲੋਕਾਂ ਨੇ ਪੀੜਤ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਨਿੱਜੀ ਹਸਪਤਾਲ ਸੀਐਮਸੀ ਰੈਫਰ ਕਰ ਦਿੱਤਾ ਗਿਆ ਪਰ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। ਜ਼ਖਮੀ ਨੌਜਵਾਨ ਦੀ ਪਛਾਣ ਰਾਹੁਲ ਵਾਸੀ ਪੁਰਾਣੀ ਸ਼ਿਵਪੁਰੀ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਖੀ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਰਾਹੁਲ ਇਕ ਪ੍ਰਿੰਟਿੰਗ ਫੈਕਟਰੀ 'ਚ ਕੰਮ ਕਰਦਾ ਹੈ। ਬੀਤੀ ਰਾਤ ਉਹ ਫੈਕਟਰੀ ਤੋਂ ਸ਼ਿਵਪੁਰੀ ਸਥਿਤ ਆਪਣੇ ਘਰ ਪਰਤ ਰਿਹਾ ਸੀ ਅਤੇ ਰਸਤੇ 'ਚ ਉਹ ਬੀੜੀ-ਸਿਗਰਟ ਦੀ ਦੁਕਾਨ 'ਤੇ ਰੁਕਿਆ। ਇਸ ਦੌਰਾਨ ਉੱਥੇ ਅਚਾਨਕ 3 ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ।
ਹਮਲੇ ਵਿਚ ਰਾਹੁਲ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਜਿਸ 'ਤੇ ਉਸ ਦੇ ਸਿਰ ਦੇ ਸੱਜੇ ਪਾਸੇ ਫਰੈਕਚਰ ਹੋ ਗਿਆ। ਇਸ ਦਾ ਬਚਾਅ ਕਰਦੇ ਹੋਏ ਉਸ ਦੇ ਹੱਥ ਦੀ ਇਕ ਉਂਗਲ ਵੀ ਕੱਟੀ ਗਈ ਹੈ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਰਾਹੁਲ ਦੀ ਹਮਲਾਵਰਾਂ ਨਾਲ 10 ਸਾਲ ਪੁਰਾਣੀ ਦੁਸ਼ਮਣੀ ਹੈ। ਬੀਤੀ ਰਾਤ ਜਦੋਂ ਰਾਹੁਲ ਬੀੜੀ-ਸਿਗਰਟ ਦੀ ਦੁਕਾਨ 'ਤੇ ਕੁਝ ਸਾਮਾਨ ਖਰੀਦ ਰਿਹਾ ਸੀ ਤਾਂ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਮੁਲਜ਼ਮਾਂ ਨੇ ਰਾਹੁਲ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਪੁਲਿਸ ਵੱਲੋਂ ਪੀੜਤ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

