ਤਰਨ ਤਾਰਨ : ਜੂਸ ਬਾਰ ਦੇ ਮਾਲਕ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਦੇ ਸ਼ਟਰ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਚੌੜੇ ਬਾਜ਼ਾਰ ਖੇਮਕਰਨ ਵਿੱਚ ਰਾਣਾ ਜੂਸ ਬਾਰ ਦਾ ਕਾਰੋਬਾਰ ਕਰਦਾ ਹੈ। 6 ਜਨਵਰੀ ਨੂੰ ਸ਼ਾਮ ਕਰੀਬ 5 ਵਜੇ ਉਸ ਦੇ ਮੋਬਾਈਲ ਫੋਨ 'ਤੇ ਵੱਖ-ਵੱਖ ਨੰਬਰਾਂ ਤੋਂ ਵਟਸਐਪ ਕਾਲ ਆਈ, ਜਿਸ ਦੌਰਾਨ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਲੰਡਾ ਹਰੀਕੇ ਵਜੋਂ ਦੱਸੀ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਫਿਰੌਤੀ ਦੀ ਮੰਗ ਪੂਰੀ ਨਾ ਹੋਣ 'ਤੇ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਸ ਨੇ ਫੋਨ ਕੱਟ ਦਿੱਤਾ। ਇਸ ਦੌਰਾਨ 7 ਜਨਵਰੀ ਨੂੰ ਉਸ ਦੇ ਮੋਬਾਈਲ ਫੋਨ 'ਤੇ ਫਿਰ ਫੋਨ ਆਇਆ, ਜੋ ਉਸ ਨੇ ਨਹੀਂ ਚੁੱਕਿਆ। 10 ਜਨਵਰੀ ਦੀ ਸਵੇਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਦੁਕਾਨ ਦੇ ਸ਼ਟਰ 'ਤੇ ਦੋ ਗੋਲੀਆਂ ਚਲਾਈਆਂ, ਇਕ ਗੋਲੀ ਸ਼ਟਰ ਤੋਂ ਲੰਘੀ ਅਤੇ ਦੂਜੀ ਹੇਠਾਂ ਡਿੱਗ ਗਈ। ਸੁਰਜੀਤ ਸਿੰਘ ਨੇ ਦੱਸਿਆ ਕਿ ਫਿਰੌਤੀ ਦੀ ਇਸ ਕਾਲ ਤੋਂ ਬਾਅਦ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ, ਜਿਸ ਕਾਰਨ ਪੀੜਤ ਪਰਿਵਾਰ 'ਚ ਕਾਫੀ ਦਹਿਸ਼ਤ ਦਾ ਮਾਹੌਲ ਹੈ ਅਤੇ ਉਨ੍ਹਾਂ ਨੇ ਪੁਲਸ ਸੁਰੱਖਿਆ ਦੀ ਵੀ ਮੰਗ ਕੀਤੀ ਹੈ।

