ਅੰਮ੍ਰਿਤਸਰ: ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ 'ਚ ਉਤਰਿਆ ਹੈ। ਟਰੰਪ ਸਰਕਾਰ ਦੀ ਇਸ ਸਖਤ ਕਾਰਵਾਈ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਲੋਕ ਸਭ ਕੁਝ ਛੱਡ ਕੇ ਆਪਣੇ-ਆਪਣੇ ਦੇਸ਼ਾਂ ਨੂੰ ਵਾਪਸ ਭਜ ਰਹੇ ਹਨ। ਇਸੇ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਨੌਜਵਾਨ ਨੂੰ ਵੀ ਅੱਜ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ। ਪਿੰਡ ਘਨਸ਼ਾਮਪੁਰ 'ਚ 21 ਸਾਲਾ ਹਰਪ੍ਰੀਤ ਸਿੰਘ ਨੂੰ ਦੇਸ਼ ਨਿਕਾਲੇ ਦੀ ਸੂਚਨਾ ਮਿਲਣ ਤੋਂ ਬਾਅਦ ਸੋਗ ਦੀ ਲਹਿਰ ਫੈਲ ਗਈ ਹੈ। ਉਸ ਦੇ ਪਿਤਾ ਦਲੇਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਅਮਰੀਕਾ ਭੇਜਣ ਲਈ 40 ਲੱਖ ਰੁਪਏ ਉਧਾਰ ਲਏ ਸਨ। ਉਹ ਪਹਿਲਾਂ ਇਟਲੀ ਗਿਆ ਸੀ ਅਤੇ ਅਮਰੀਕਾ ਜਾਣ ਤੋਂ ਪਹਿਲਾਂ ਕੁਝ ਮਹੀਨੇ ਉਥੇ ਰਿਹਾ ਸੀ। ਉਹ ਪਿਛਲੇ ਮਹੀਨੇ ਉੱਥੇ ਪਹੁੰਚਿਆ ਸੀ ਅਤੇ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।
ਬੋਲਦਿਆਂ ਹੀ ਉਸ ਦੀਆਂ ਅੱਖਾਂ ਨਮ ਹੋ ਗਈਆਂ। ਉਸ ਨੇ ਦੱਸਿਆ ਕਿ ਇਕ ਹਾਦਸੇ 'ਚ ਉਸ ਦੀ ਆਪਣੀ ਲੱਤ ਟੁੱਟ ਗਈ ਸੀ, ਜਿਸ ਕਾਰਨ ਹੁਣ ਬੇਟੇ ਦੇ ਵਾਪਸ ਆਉਣ ਤੋਂ ਬਾਅਦ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇੰਨਾ ਕਰਜ਼ਾ ਕਿਵੇਂ ਚੁਕਾਏਗਾ। ਉਸ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਸ ਦੇ ਬੇਟੇ ਹਰਪ੍ਰੀਤ ਸਿੰਘ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਉਸ ਦਾ ਪਰਿਵਾਰ ਆਪਣੀ ਰੋਜ਼ੀ-ਰੋਟੀ ਕਮਾ ਸਕੇ।