ਫਗਵਾੜਾ/ਹੁਸ਼ਿਆਰਪੁਰ: ਫਗਵਾੜਾ-ਹੁਸ਼ਿਆਰਪੁਰ ਹਾਈਵੇਅ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਪਿੰਡ ਖਾਟੀ ਨੇੜੇ ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ 'ਚ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ 3 ਬੱਚਿਆਂ ਸਮੇਤ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਦਰ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐਸਆਈ ਬਿੰਦਰਪਾਲ ਨੇ ਦੱਸਿਆ ਕਿ ਪਿੰਡ ਜਗਜੀਤਪੁਰ ਵਿੱਚ ਰਹਿਣ ਵਾਲੇ ਇੱਕੋ ਪਰਿਵਾਰ ਦੇ 3 ਬੱਚਿਆਂ ਸਮੇਤ 7 ਮੈਂਬਰ ਫਗਵਾੜਾ ਤੋਂ ਆਪਣੇ ਪਿੰਡ ਜਗਜੀਤਪੁਰ ਜਾ ਰਹੇ ਸਨ। ਹੁਸ਼ਿਆਰਪੁਰ ਤੋਂ ਆ ਰਹੀ ਇਕ ਹੋਰ ਕਾਰ 'ਚ ਪਿੰਡ ਸਲਾਰਪੁਰ ਦੇ ਇਕੋ ਪਰਿਵਾਰ ਦੇ 6 ਮੈਂਬਰ ਫਗਵਾੜਾ ਵੱਲ ਆ ਰਹੇ ਸਨ। ਇਸੇ ਦੌਰਾਨ ਪਿੰਡ ਖਾਟੀ ਨੇੜੇ ਦੋਵਾਂ ਕਾਰਾਂ ਦੀ ਟੱਕਰ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਖਤਿਆਰ ਸਿੰਘ (80) ਪੁੱਤਰ ਭਾਗ ਸਿੰਘ ਅਤੇ ਉਸ ਦੀ ਪਤਨੀ ਧਰਮ ਕੌਰ ਵਜੋਂ ਹੋਈ ਹੈ, ਜਦੋਂ ਕਿ ਉਨ੍ਹਾਂ ਦਾ ਪੁੱਤਰ ਸੁਖਵਿੰਦਰ ਸਿੰਘ, ਉਸ ਦੀ ਪਤਨੀ ਅਤੇ ਤਿੰਨ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਮੋਹਨ ਲਾਲ (ਪਤਨੀ ਮੋਹਨ ਲਾਲ) ਅਤੇ ਵਿਰਖਾ (ਪੁੱਤਰੀ ਮੋਹਨ ਲਾਲ) ਵਾਸੀ ਪਿੰਡ ਸਲਾਰਪੁਰ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਵਾਂ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

