ਜਲੰਧਰ: ਜਲੰਧਰ ਦੇ ਪੌਸ਼ ਇਲਾਕੇ 'ਚ ਇਕ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਕਾਲੀਆ ਕਲੋਨੀ 'ਚ ਇਕ ਓਵਰਲੋਡ ਟਰੱਕ ਇਲਾਕੇ 'ਚੋਂ ਲੰਘਦੇ ਸਮੇਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆ ਗਿਆ, ਜਿਸ ਕਾਰਨ ਧਮਾਕੇ ਤੋਂ ਬਾਅਦ ਬਿਜਲੀ ਦਾ ਖੰਭਾ ਡਿੱਗ ਗਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਗਲੀ ਤੋਂ ਟਰੱਕ ਦੇ ਪਿਛਲੇ ਪਾਸੇ ਤੋਂ ਇਕ ਆਦਮੀ ਅਤੇ ਔਰਤ ਸਕੂਟਰ 'ਤੇ ਆ ਰਹੇ ਸਨ। ਸ਼ੁਕਰ ਹੈ ਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਪਰ ਜਦੋਂ ਓਵਰਲੋਡ ਟਰੱਕ ਆਪਣੇ ਨਾਲ ਬਿਜਲੀ ਦੇ ਖੰਭੇ ਅਤੇ ਤਾਰਾਂ ਲੈ ਕੇ ਅੱਗੇ ਵਧਿਆ ਤਾਂ ਇਲਾਕੇ 'ਚ ਵੱਡਾ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਕਲੋਨੀ ਦੇ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ 'ਚ ਛੋਟੇ ਬੱਚੇ ਸੜਕ 'ਤੇ ਘੁੰਮਦੇ ਨਜ਼ਰ ਆ ਰਹੇ ਹਨ। ਬੱਚੇ ਬਿਜਲੀ ਦੇ ਖੰਭੇ ਤੋਂ 10 ਕਦਮ ਦੀ ਦੂਰੀ 'ਤੇ ਪਹੁੰਚੇ ਹੀ ਸਨ ਕਿ ਪਿੱਛੋਂ ਆ ਰਹੇ ਇੱਕ ਟਰੱਕ ਨੇ ਬਿਜਲੀ ਦੀਆਂ ਤਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਚੇ ਇੱਥੇ ਭੱਜਣ ਲੱਗੇ ਅਤੇ ਇਲਾਕੇ 'ਚ ਹਲਚਲ ਮਚ ਗਈ। ਉਥੇ ਹੀ ਪਿੱਛੇ ਤੋਂ ਆ ਰਹੀ ਸਕੂਟਰ ਸਵਾਰ ਇਕ ਔਰਤ ਨੇ ਕਿਸੇ ਤਰ੍ਹਾਂ ਬ੍ਰੇਕ ਲਗਾ ਕੇ ਆਪਣੀ ਜਾਨ ਬਚਾਈ। ਪੁਲਿਸ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਪਾਵਰਕਾਮ ਨੁਕਸਾਨ ਦਾ ਮੁਲਾਂਕਣ ਕਰ ਰਿਹਾ ਹੈ, ਜਿਸ ਤੋਂ ਬਾਅਦ ਉਕਤ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।

