ਲੁਧਿਆਣਾ : ਚੰਡੀਗੜ੍ਹ ਰੋਡ ਭਾਮੀਆ 'ਤੇ ਅੰਬਰ ਗਾਰਡਨ ਨੇੜੇ ਸੀਮੈਂਟ ਦੀਆਂ ਬੋਰੀਆਂ ਨਾਲ ਭਰੇ ਟਰੱਕ ਡਰਾਈਵਰ ਨੇ ਅੱਧੀ ਦਰਜਨ ਬਿਜਲੀ ਦੇ ਖੰਭਿਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੂਰੇ ਇਲਾਕੇ 'ਚ ਬਿਜਲੀ ਸਪਲਾਈ ਠੱਪ ਹੋ ਗਈ। ਉਥੇ ਹੀ ਸੜਕ ਤੋਂ ਲੰਘ ਰਹੇ ਰਿਕਸ਼ਾ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਚਸ਼ਮਦੀਦਾਂ ਅਨੁਸਾਰ ਟਰੱਕ 'ਤੇ ਲੋਹੇ ਦਾ ਐਂਗਲ ਅਤੇ ਤਰਪਾਲ ਪਾਏ ਜਾਣ ਕਾਰਨ ਇਹ ਸੜਕ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ 'ਚ ਫਸ ਗਿਆ ਅਤੇ ਇਸ ਤੋਂ ਅਣਜਾਣ ਡਰਾਈਵਰ ਨੇ ਟਰੱਕ ਨੂੰ ਤੇਜ਼ ਰਫਤਾਰ ਨਾਲ ਚੱਲਦਾ ਰੱਖਿਆ, ਜਿਸ ਕਾਰਨ ਸੜਕ 'ਤੇ ਇਕ ਤੋਂ ਬਾਅਦ ਇਕ ਅੱਧਾ ਦਰਜਨ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟ ਗਈਆਂ। ਹਾਦਸੇ ਦੌਰਾਨ ਇਕ ਭਾਰੀ ਬਿਜਲੀ ਦਾ ਖੰਭਾ ਰਿਕਸ਼ਾ 'ਤੇ ਡਿੱਗ ਗਿਆ। ਰਿਕਸ਼ਾ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਦਕਿ ਐਕਟਿਵਾ ਚਾਲਕ ਵੀ ਵਾਲ-ਵਾਲ ਬਚ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰਿਕਸ਼ਾ ਚਾਲਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਮੁੱਖ ਸੜਕ ਤੋਂ ਭਾਮੀਆਂ ਵੱਲ ਜਾ ਰਿਹਾ ਸੀ ਕਿ ਟਰੱਕ ਬਿਜਲੀ ਦੀਆਂ ਤਾਰਾਂ 'ਚ ਫਸ ਗਿਆ ਅਤੇ ਇਕ ਤੋਂ ਬਾਅਦ ਇਕ ਕਈ ਬਿਜਲੀ ਦੇ ਖੰਭੇ ਅਤੇ ਤਾਰ ਦੀਆਂ ਜਾਲੀਆਂ ਡਿੱਗ ਗਿਆ। ਸੁਨੀਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਰਿਕਸ਼ੇ 'ਤੇ ਬਿਜਲੀ ਦਾ ਭਾਰੀ ਖੰਭਾ ਡਿੱਗਿਆ ਤਾਂ ਉਨ੍ਹਾਂ ਨੇ ਰਿਕਸ਼ਾ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਦਕਿ ਹਾਦਸੇ ਕਾਰਨ ਉਨ੍ਹਾਂ ਦਾ ਰਿਕਸ਼ਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਟਰੱਕ ਡਰਾਈਵਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਹਿਮਾਚਲ ਤੋਂ ਸੀਮੈਂਟ ਦਾ ਟਰੱਕ ਲੈ ਕੇ ਇਲਾਕੇ 'ਚ ਆਇਆ ਸੀ ਅਤੇ ਵਾਪਸ ਜਾਂਦੇ ਸਮੇਂ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਉਸ ਦਾ ਟਰੱਕ ਤਾਰਾਂ 'ਚ ਫਸ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਟਰੱਕ ਡਰਾਈਵਰ ਨੂੰ ਜਮਾਲਪੁਰ ਥਾਣੇ ਲੈ ਗਏ।

