ਬਟਾਲਾ : ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਦਾਦਾ-ਪੋਤੇ ਦੋਵਾਂ ਦੀ ਮੌਤ ਹੋਣ ਦਾ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏ.ਐਸ.ਆਈ. ਵਰਿਆਮ ਸਿੰਘ ਨੇ ਦੱਸਿਆ ਕਿ ਸੁਭਾਸ਼ ਚੰਦਰ ਪੁੱਤਰ ਗਿਆਨ ਚੰਦ ਵਾਸੀ ਮੁਹੱਲਾ ਟਾਕੀ ਬਟਾਲਾ, ਜਿਸ ਦੀ ਜੈਂਤੀਪੁਰ 'ਚ ਦੁਕਾਨ ਹੈ, ਬੀਤੀ ਦੇਰ ਸ਼ਾਮ ਆਪਣੇ ਪੋਤੇ ਪ੍ਰਥਮ (13) ਪੁੱਤਰ ਵਿਨੋਦ ਸਲਹੋਤਰਾ ਨਾਲ ਸਕੂਟਰ 'ਤੇ ਬਟਾਲਾ ਵੱਲ ਆ ਰਿਹਾ ਸੀ। ਜਦੋਂ ਦੋਵੇਂ ਪਿੰਡ ਹਰਦੋਝੰਡੇ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਟਾਟਾ ਕੰਪਨੀ ਦੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ।
ਉਥੇ ਹੀ ਐਂਬੂਲੈਂਸ ਦੀ ਮਦਦ ਨਾਲ ਦੋਵਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪੋਤੇ ਪ੍ਰਥਮ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਸੁਭਾਸ਼ ਚੰਦ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਅਣਪਛਾਤੇ ਕਾਰ ਚਾਲਕ ਖਿਲਾਫ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ।

