ਦੀਨਾਨਗਰ : ਭਾਰਤ-ਪਾਕਿ ਸਰਹੱਦ 'ਤੇ ਇਕ ਵਾਰ ਫਿਰ ਸ਼ੱਕੀ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਪੂਰੀ ਚੌਕਸੀ ਨਾਲ ਡਿਊਟੀ 'ਤੇ ਸਨ, ਜਿਸ ਕਾਰਨ ਡਰੋਨ ਨੂੰ ਭਾਰਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਪਾਕਿਸਤਾਨ ਵਾਪਸ ਜਾਣਾ ਪਿਆ।
ਸੂਤਰਾਂ ਮੁਤਾਬਕ ਸ਼ਾਮ ਕਰੀਬ ਸਾਢੇ ਚਾਰ ਵਜੇ ਇਕ ਸ਼ੱਕੀ ਪਾਕਿਸਤਾਨੀ ਡਰੋਨ ਦੇ ਭਾਰਤੀ ਸਰਹੱਦ 'ਚ ਦਾਖਲ ਹੋਣ ਦੀ ਆਵਾਜ਼ ਸੁਣਦਿਆਂ ਹੀ ਬੀਐਸਐਫ ਦੇ ਜਵਾਨ ਤੁਰੰਤ ਹਰਕਤ 'ਚ ਆ ਗਏ। ਕੁਝ ਹੀ ਮਿੰਟਾਂ 'ਚ ਡਰੋਨ ਨੂੰ ਪਾਕਿਸਤਾਨ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਤਸਕਰ ਹੁਣ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਡਰੋਨ ਦਾ ਸਹਾਰਾ ਲੈ ਰਹੇ ਹਨ। ਭਾਰਤੀ ਸਰਹੱਦ 'ਚ ਆਉਣ ਵਾਲੇ ਡਰੋਨ ਨੂੰ ਕਈ ਵਾਰ ਭਾਰਤੀ ਸੁਰੱਖਿਆ ਬਲਾਂ ਨੇ ਮਾਰ ਸੁੱਟਿਆ ਅਤੇ ਕਈ ਵਾਰ ਉਨ੍ਹਾਂ ਨੂੰ ਵਾਪਸ ਭੱਜਣ ਲਈ ਮਜਬੂਰ ਹੋਣਾ ਪੈਂਦਾ ਹੈ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਬਹਿਰਾਮਪੁਰ ਜਤਿੰਦਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਬੀਐਸਐਫ ਦੇ ਜਵਾਨਾਂ ਦੀ ਮਦਦ ਨਾਲ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਸ ਡਰੋਨ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਡਰੋਨ ਨੂੰ ਪਾਕਿਸਤਾਨ ਦੀ ਦਿਸ਼ਾ ਵਿੱਚ ਵਾਪਸ ਜਾਣ ਲਈ ਮਜਬੂਰ ਕੀਤਾ। ਪੁਲਿਸ ਫੋਰਸ ਨਾਲ ਕੀਤੀ ਗਈ ਤਲਾਸ਼ੀ ਮੁਹਿੰਮ ਵਿੱਚ ਅਜੇ ਤੱਕ ਕੋਈ ਗੈਰ-ਕਾਨੂੰਨੀ ਚੀਜ਼ਾਂ ਬਰਾਮਦ ਨਹੀਂ ਕੀਤੀਆਂ ਗਈਆਂ ਹਨ।