ਲੁਧਿਆਣਾ- ਲੁਧਿਆਣਾ ਵਿੱਚ ਪੁਲਿਸ ਨੇ ਇੱਕ ਫਰਜ਼ੀ ਡੀ.ਐਸ.ਪੀ. ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਕਤ ਧੋਖੇਬਾਜ਼ ਆਪਣੇ ਆਪ ਨੂੰ ਅਸਲ ਡੀਐਸਪੀ ਵਜੋਂ ਲੋਕਾਂ ਸਾਹਮਣੇ ਆਉਂਦਾ ਸੀ। ਮੁਲਜ਼ਮ ਨੇ ਪੁਲਿਸ ਦੀ ਵਰਦੀ ਵਿੱਚ ਆਪਣੀ ਫੋਟੋ ਵੀ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਣਕਾਰੀ ਅਨੁਸਾਰ ਏਐਸਆਈ ਰੋਸ਼ਨ ਲਾਲ ਬਾਬਾ ਥਾਨ ਸਿੰਘ ਚੌਕ ਨੇੜੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਕਰਨਬੀਰ ਸਿੰਘ ਜਾਅਲੀ ਪੁਲੀਸ ਵਰਦੀ ਪਾ ਕੇ ਸ਼ਹਿਰ ਵਿੱਚ ਘੁੰਮ ਰਿਹਾ ਹੈ।ਉਹ ਲੋਕਾਂ ਵਿੱਚ ਆਪਣੇ ਆਪ ਨੂੰ ਡੀਐਸਪੀ ਦੱਸਦਾ ਹੈ ਅਤੇ ਉਸਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਉਂਟ ਉੱਤੇ ਡੀਐਸਪੀ ਦੀ ਵਰਦੀ ਪਾਈ ਇੱਕ ਫੋਟੋ ਵੀ ਅਪਲੋਡ ਕੀਤੀ ਹੈ।
ਪੁਲੀਸ ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਡੀਐਸਪੀ ਦੀ ਵਰਦੀ, ਨਵੀਂ ਖਾਕੀ ਪੱਗ, ਭੂਰੇ ਰੰਗ ਦੇ ਜੁੱਤੇ ਅਤੇ ਜੁਰਾਬਾਂ ਬਰਾਮਦ ਹੋਈਆਂ ਹਨ। ਪੁਲਿਸ ਟੀਮ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਨੇ ਫਰਜ਼ੀ ਡੀਐਸਪੀ ਬਣ ਕੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ। ਪੁਲਿਸ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਦਾ ਖੁਲਾਸਾ ਕਰੇਗੀ।