ਮਾਨਸਾ, 28 ਅਪ੍ਰੈਲ : ਮਾਨਸਾ ਜ਼ਿਲ੍ਹੇ ਦੇ ਭੀਖੀ ਕਸਬੇ ਵਿੱਚ ਭੀਖੀ ਬਰਨਾਲਾ ਹਾਈਵੇਅ ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ‘ਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਕਾਰ ਸਵਾਰ ਪਤੀ-ਪਤਨੀ ਬਰਨਾਲਾ ਤੋਂ ਜਾ ਰਹੇ ਸਨ। ਇਸ ਦੌਰਾਨ ਟਰੱਕ ਬਰਨਾਲਾ ਵੱਲ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਦੋਵੇਂ ਵਾਹਨ ਆਪਸ ਵਿੱਚ ਟਕਰਾ ਗਏ। ਇਹ ਘਟਨਾ ਭੀਖੀ ਕਸਬੇ ਵਿੱਚ ਭੀਖੀ ਬਰਨਾਲਾ ਹਾਈਵੇਅ ‘ਤੇ ਵਾਪਰੀ। ਹਾਦਸਾ ਇੰਨਾਂ ਭਿਆਨਕ ਸੀ ਕਿ ਗੱਡੀ ‘ਚ ਸਵਾਰ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪਤੀ ਗੰਭੀਰ ਜ਼ਖਮੀ ਹੋ ਗਿਆ।
ਮ੍ਰਿਤਕ ਮਹਿਲਾ ਦੀ ਪਛਾਣ 50 ਸਾਲਾ ਪ੍ਰਵੀਨ ਰਾਣੀ ਵਜੋਂ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਸੋਮ ਮਿੱਤਲ ਵਜੋਂ ਹੋਈ ਹੈ। ਜ਼ਖਮੀ ਸੋਮ ਮਿੱਤਲ ਨੂੰ ਲੋਕਾਂ ਦੀ ਮਦਦ ਨਾਲ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਮਹਿਲਾ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ।