ਸ਼ੇਰਪੁਰ : ਸਥਾਨਕ ਕਸਬੇ 'ਚ ਕਰੰਟ ਲੱਗਣ ਨਾਲ ਇਕ ਕਿਸਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ ਦੇ ਭਰਾ ਸੁਧਾਗਰ ਸਿੰਘ ਵਾਸੀ ਸੰਤ ਲੌਂਗੋਵਾਲ ਸਕੂਲ ਰੋਡ ਸ਼ੇਰਪੁਰ ਨੇ ਦੱਸਿਆ ਕਿ ਕਰੀਬ 60 ਸਾਲਾ ਗੁਰਜੰਟ ਸਿੰਘ ਪੁੱਤਰ ਮੇਹਰ ਸਿੰਘ ਅੱਜ ਸਵੇਰੇ ਕਰੀਬ 7 ਵਜੇ ਖੇਤਾਂ 'ਚ ਪਾਣੀ ਦੇਣ ਲਈ ਘਰੋਂ ਨਿਕਲਿਆ ਸੀ। ਪਾਣੀ ਦੀ ਮੋਟਰ ਨੇੜੇ ਟਰਾਂਸਫਾਰਮਰ 'ਚ ਕਰੰਟ ਵਗਣ ਕਾਰਨ ਉਸ ਦੇ ਭਰਾ ਦਾ ਖੱਬਾ ਹੱਥ ਟਰਾਂਸਫਾਰਮਰ ਨਾਲ ਜੁੜੀ ਜ਼ਮੀਨੀ ਤਾਰ ਦੇ ਸੰਪਰਕ 'ਚ ਆ ਗਿਆ ਅਤੇ ਉਸ ਨੂੰ ਕਰੰਟ ਲੱਗ ਗਿਆ।
ਸੁਦਾਗਰ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਗੋਬਰ ਸੁੱਟ ਰਹੀ ਸੀ ਤਾਂ ਉਸ ਨੇ ਰੌਲਾ ਪਾਇਆ ਅਤੇ ਡੰਡੇ ਨਾਲ ਉਸ ਦਾ ਹੱਥ ਹਟਾ ਦਿੱਤਾ। ਇਸ ਤੋਂ ਤੁਰੰਤ ਬਾਅਦ ਗੁਆਂਢ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਦੇ ਭਰਾ ਗੁਰਜੰਟ ਸਿੰਘ ਨੂੰ ਕਾਰ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਧੂਰੀ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਗੁਰਜੰਟ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪਰਿਵਾਰਕ ਮੈਂਬਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਰਜੰਟ ਸਿੰਘ ਦੀ ਮੌਤ ਨਾਲ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।

