ਪੰਚਕੂਲਾ, 27 ਮਈ- ਪੰਚਕੂਲਾ ਦੇ ਸੈਕਟਰ 27 ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹੀ ਪਰਿਵਾਰ ਦੇ 7 ਮੈਂਬਰਾਂ ਨੇ ਇੱਕ ਕਾਰ ਵਿੱਚ ਬੈਠੇ ਹੋਏ ਜਾਨ ਦੇ ਦਿੱਤੀ। ਮ੍ਰਿਤਕਾਂ ਵਿੱਚ ਪ੍ਰਵੀਨ ਮਿੱਤਲ, ਉਸ ਦੀ ਪਤਨੀ, ਤਿੰਨ ਬੱਚੇ ਅਤੇ ਮਾਤਾ-ਪਿਤਾ ਸ਼ਾਮਲ ਹਨ। ਸੋਮਵਾਰ ਰਾਤ 12:15 ਵਜੇ ਇਹ ਲਾਸ਼ਾਂ ਇੱਕ ਖਾਲੀ ਪਲਾਟ ਦੇ ਸਾਹਮਣੇ ਕਾਰ ਵਿੱਚੋਂ ਮਿਲੀਆਂ। ਮੌਤ ਤੋਂ ਠੀਕ 5 ਮਿੰਟ ਪਹਿਲਾਂ ਪ੍ਰਵੀਨ ਮਿੱਤਲ ਨੇ ਚਸ਼ਮਦੀਦ ਨਾਲ ਗੱਲਬਾਤ ਦੌਰਾਨ ਆਪਣੇ ਮਨ ਦੀ ਗਹਿਰੀ ਪੀੜਾ ਸਾਂਝੀ ਕੀਤੀ। ਉਸਨੇ ਕਿਹਾ ਕਿ ਪੂਰਾ ਪਰਿਵਾਰ ਕਰਜ਼ੇ ਹੇਠ ਦੱਬਿਆ ਹੋਇਆ ਹੈ, ਅਤੇ ਰਿਸ਼ਤੇਦਾਰ ਭਾਵੇਂ ਅਮੀਰ ਹਨ, ਪਰ ਕਿਸੇ ਨੇ ਵੀ ਮਦਦ ਲਈ ਹੱਥ ਨਹੀਂ ਵਧਾਇਆ।
ਜਾਣਕਾਰੀ ਅਨੁਸਾਰ, ਮਿੱਤਲ ਪਰਿਵਾਰ ਨੇ ਕਰੀਬ 15 ਤੋਂ 20 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੋਇਆ ਸੀ। ਵਪਾਰ ਵਿੱਚ ਨੁਕਸਾਨ, ਆਮਦਨ ਦੇ ਰਾਸਤੇ ਬੰਦ ਹੋਣ, ਕਰਜ਼ਾ ਵਧਣ ਅਤੇ ਦਿਨੋ-ਦਿਨ ਆ ਰਹੀਆਂ ਧਮਕੀਆਂ ਕਾਰਨ ਉਹਨਾਂ ਦੀ ਜ਼ਿੰਦਗੀ ਦੁਭਰ ਹੋ ਗਈ ਸੀ। ਇਨ੍ਹਾਂ ਸਭ ਕਾਰਨਾਂ ਕਰਕੇ ਪਰਿਵਾਰ ਨੇ ਜਾਇਦਾਦ ਵੇਚ ਦਿੱਤੀ ਸੀ ਅਤੇ ਪ੍ਰਵੀਨ ਮਿੱਤਲ ਆਪਣੇ ਘਰ ਦੀ ਲੋੜਾਂ ਪੂਰੀਆਂ ਕਰਨ ਲਈ ਟੈਕਸੀ ਚਲਾਉਣ ਲੱਗ ਪਿਆ ਸੀ। ਹਾਲਾਤਾਂ ਨੇ ਇੰਨਾ ਘੇਰ ਲਿਆ ਕਿ ਆਖ਼ਰ ਉਹਨਾਂ ਨੇ ਇਕੱਠੇ ਆਤਮਹੱਤਿਆ ਕਰ ਲੈਣ ਦਾ ਫੈਸਲਾ ਕਰ ਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੀ ਸੀਸੀਟੀਵੀ ਜਾਂਚ ਨਾਲ ਸਬੂਤ ਇਕੱਤਰ ਕੀਤੇ ਜਾ ਰਹੇ ਹਨ।

