ਅੱਜ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਨੰਗਲ ਵਿਖੇ BBMB (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਦੇ ਮੁੱਖ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੇ ਨਾਲ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੀ ਸਾਂਝੀ ਹਿੱਸੇਦਾਰੀ ਕਰ ਰਹੀਆਂ ਹਨ।
ਇਹ ਧਰਨਾ BBMB ਦੇ ਤਾਜ਼ਾ ਨਿਰਣਿਆਂ ਅਤੇ ਵਿਵਾਦਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਪਾਣੀ ਨੂੰ ਹਰਿਆਣਾ ਨੂੰ ਫਾਲਤੂ ਪਾਣੀ ਵਜੋਂ ਦੇਣ ਦੀ ਗੱਲ ਆ ਰਹੀ ਹੈ। ਪੰਜਾਬ ਸਰਕਾਰ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਅਤੇ ਅੱਜ ਹੀ ਏਡਵੋਕੇਟ ਜਨਰਲ ਵੱਲੋਂ ਸੁਪਰੀਮ ਕੋਰਟ ਵਿੱਚ ਹਾਈ ਕੋਰਟ ਦੇ ਨਿਰਣਏ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾਖਲ ਕਰਨ ਦੀ ਸੰਭਾਵਨਾ ਹੈ।
ਇਸ ਸੰਬੰਧ ਵਿੱਚ ਕਿਰਤੀ ਕਿਸਾਨ ਮੋਰਚਾ ਰੋਪੜ ਨੇ ਵੀ ਭਾਰੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਨਿੰਦਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਕਿਸਾਨ ਜਥੇਬੰਦੀਆਂ ਸਿਰਫ ਧਰਨੇ ਲਾਉਣ ਦੀ ਕਾਬਲ ਹਨ, ਪਰ ਪਾਣੀ ਦੀ ਲੁੱਟ ਉੱਤੇ ਕੋਈ ਗੰਭੀਰ ਰਵੱਈਆ ਨਹੀਂ ਰਖਦੀਆਂ।
ਇਹ ਧਰਨਾ ਸਿਰਫ ਕਿਸਾਨਾਂ ਦੀ ਹੱਕ ਲਈ ਨਹੀਂ, ਸਗੋਂ ਪੰਜਾਬ ਦੇ ਹਿੱਤਾਂ ਅਤੇ ਪਾਣੀ ਤੇ ਹੱਕ ਦੀ ਰਾਖੀ ਲਈ ਵੀ ਇੱਕ ਆਵਾਜ਼ ਹੈ।

