ਨਵੀਂ ਦਿੱਲੀ - ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਵਿੱਚ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ਚਾਲਕ ਦਲ ਦੇ 12 ਮੈਂਬਰਾਂ ਸਮੇਤ 241 ਲੋਕਾਂ ਦੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਸਿਰਫ਼ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਕੁਮਾਰ ਹੀ ਬਚੇ। ਉਹ ਜਹਾਜ਼ ਦੀ ਸੀਟ ਨੰਬਰ 11-ਏ 'ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ ਉਡਾਣ ਭਰਨ ਤੋਂ ਸਿਰਫ਼ 30 ਸਕਿੰਟਾਂ ਬਾਅਦ ਹੀ ਜਹਾਜ਼ ਇੱਕ ਜ਼ੋਰਦਾਰ ਆਵਾਜ਼ ਨਾਲ ਕਰੈਸ਼ ਹੋ ਗਿਆ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੇ ਆਲੇ-ਦੁਆਲੇ ਲਾਸ਼ਾਂ ਸਨ।
ਫਲਾਈਟ ਨੰਬਰ AI-171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ।
ਜਹਾਜ਼ ਵਿੱਚ ਕੁੱਲ 230 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸ਼ਾਮਲ ਸੀ। ਇਨ੍ਹਾਂ ਵਿੱਚ 103 ਪੁਰਸ਼, 114 ਔਰਤਾਂ, 11 ਬੱਚੇ ਅਤੇ 2 ਨਵਜੰਮੇ ਬੱਚੇ ਸ਼ਾਮਲ ਸਨ। ਬਾਕੀ 12 ਚਾਲਕ ਦਲ ਦੇ ਮੈਂਬਰ ਸਨ।
ਉਡਾਣ ਭਰਨ ਤੋਂ ਤੁਰੰਤ ਬਾਅਦ, ਜਹਾਜ਼ 2.5 ਕਿਲੋਮੀਟਰ ਦੂਰ ਬੀਜੇ ਮੈਡੀਕਲ ਅਤੇ ਸਿਵਲ ਹਸਪਤਾਲ ਦੀ ਇਮਾਰਤ ਨਾਲ ਟਕਰਾ ਗਿਆ।
ਜਾਣਕਾਰੀ ਅਨੁਸਾਰ ਹਾਦਸੇ ਸਮੇਂ ਇਮਾਰਤ ਵਿੱਚ 50 ਤੋਂ 60 ਡਾਕਟਰ ਮੌਜੂਦ ਸਨ, ਜਿਨ੍ਹਾਂ ਵਿੱਚੋਂ 15 ਤੋਂ ਵੱਧ ਜ਼ਖਮੀ ਹੋ ਗਏ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਕਰਨ ਲਈ 1000 ਤੋਂ ਵੱਧ ਡੀਐਨਏ ਟੈਸਟ ਕੀਤੇ ਜਾਣਗੇ। ਗੁਜਰਾਤ ਕੋਲ ਇੰਨੀ ਵੱਡੀ ਗਿਣਤੀ ਵਿੱਚ ਟੈਸਟ ਕਰਨ ਦੀ ਸਮਰੱਥਾ ਹੈ।