ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜੂਨ– ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੋਹਾਲੀ ਦੇ ਫੇਜ਼-11 ਦੇ ਨਜ਼ਦੀਕ ਪਿੰਡ ਕੰਬਾਲਾ-ਕੰਬਾਲੀ ਇਲਾਕੇ ਵਿੱਚ ਬਣਾਏ ਜਾ ਰਹੇ ਗਾਰਬੇਜ ਪਲਾਂਟ ਨੂੰ ਲੈ ਕੇ ਨਿਵਾਸੀਆਂ ਵਿੱਚ ਵਧ ਰਹੀ ਚਿੰਤਾ ਦੇ ਮੱਦੇਨਜ਼ਰ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਧਾਰਮਿਕ ਸੰਸਥਾਵਾਂ ਅਤੇ ਸਥਾਨਕ ਪਤਵੰਤੇ ਵਿਅਕਤੀਆਂ ਦੇ ਵਫਦ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਵਿਧਾਇਕ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਗੰਭੀਰ ਮਾਮਲੇ ਨੂੰ ਲੈ ਕੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਲਦੀ ਹੀ ਗੱਲ ਕਰਕੇ ਇਸਦਾ ਸਥਾਈ ਹੱਲ ਲੱਭਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਇਸ ਮੁੱਦੇ ‘ਤੇ ਕਿਸੇ ਕਿਸਮ ਦਾ ਅਣਚਾਹਾ ਨਿਰਣੈ ਨਹੀਂ ਲਿਆ ਜਾਵੇਗਾ।
ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਇੱਕ "ਤੰਦਰੁਸਤ ਪੰਜਾਬ" ਵੱਲ ਵਧ ਰਹੀ ਹੈ ਅਤੇ ਹਰ ਪੱਧਰ ‘ਤੇ ਲੋਕਾਂ ਦੀ ਸਿਹਤ, ਸਿੱਖਿਆ ਅਤੇ ਵਾਤਾਵਰਣ ਦੀ ਸੰਭਾਲ ਕਰ ਰਹੀ ਹੈ। ਉਨ੍ਹਾਂ ਵਿਰੋਧੀ ਧਿਰ ਵੱਲੋਂ ਆਮ ਆਦਮੀ ਪਾਰਟੀ ਦੀ ਇਮੇਜ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ਾਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਲੋਕ-ਪੱਖੀ ਨੀਤੀਆਂ ਦੇ ਚਲਦਿਆਂ ਸਰਕਾਰ ਵਿਕਾਸ ਕਾਰਜਾਂ ਵਿੱਚ ਕੋਈ ਰੁਕਾਵਟ ਨਹੀਂ ਆਉਣ ਦੇਵੇਗੀ।
ਇਸ ਮੁਲਾਕਾਤ ਦੌਰਾਨ ਵਫਦ ਵਿੱਚ ਸ਼ਾਮਿਲ ਸਨ: ਕੌਂਸਲਰ ਕੁਲਵੰਤ ਸਿੰਘ ਕਲੇਰ, ਲਕਸ਼ਮੀ ਨਰਾਇਣ ਮੰਦਰ ਮੋਹਾਲੀ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ, ਫਰੈਂਡਸ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਅਮਰਜੀਤ ਸਿੰਘ, ਫੇਜ਼-11 ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ (ਈਸਟ) ਦੇ ਪ੍ਰਧਾਨ ਬਖਸ਼ੀਸ਼ ਸਿੰਘ, ਭਗਤ ਪੂਰਨ ਸਿੰਘ ਵਾਤਾਵਰਨ ਸੁਸਾਇਟੀ ਦੇ ਪ੍ਰਧਾਨ ਗੁਰਮੇਜ ਸਿੰਘ ਮੌਜੋਵਾਲ, ਐਚ.ਆਈ.ਜੀ. ਹਾਊਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਡਾ. ਮਨਿੰਦਰ ਕੌਰ, ਆਰ.ਐਸ. ਢਿੱਲੋ ਅਤੇ ਹੋਰ ਕਈ ਵਸਨੀਕ। ਇਹ ਸਾਰੇ ਲੋਕ ਫੇਜ਼ 11 ਅਤੇ ਆਸਪਾਸ ਦੇ ਇਲਾਕਿਆਂ ਦੇ ਨਿਵਾਸੀਆਂ ਦੀਆਂ ਚਿੰਤਾਵਾਂ ਨੂੰ ਲੈ ਕੇ ਆਪਣੀ ਆਵਾਜ਼ ਉਠਾਉਣ ਪਹੁੰਚੇ ਸਨ।