ਪੰਜਾਬ ਵਿੱਚ ਸੜਕ ਹਾਦਸਿਆਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਦਰਦਨਾਕ ਮਾਮਲਾ ਸਮਰਾਲਾ ਦੇ ਬੀਜ਼ਾ ਰੋਡ ’ਤੇ ਵਾਪਰਿਆ, ਜਿੱਥੇ ਇੱਕ ਪ੍ਰਾਈਵੇਟ ਵੈਨ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ ਨੇ 26 ਸਾਲਾਂ ਜਸਕਰਨ ਸਿੰਘ ਦੀ ਜਾਨ ਲੈ ਲਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਅੱਗ ਦੀ ਲਪੇਟ ਵਿੱਚ ਆ ਗਈ। ਰਾਹਗੀਰਾਂ ਵੱਲੋਂ ਅੱਗ ਨੂੰ ਕਾਫੀ ਜ਼ੋਰ ਲਗਾ ਕੇ ਬੁਝਾਇਆ ਗਿਆ, ਪਰ ਉਸ ਤੋਂ ਪਹਿਲਾਂ ਹੀ ਨੌਜਵਾਨ ਦੀ ਮੌਤ ਹੋ ਗਈ।
ਜਸਕਰਨ ਸਿੰਘ ਦੀ ਪਛਾਣ ਦੋ ਭੈਣਾਂ ਦੇ ਇਕਲੌਤੇ ਭਰਾ ਅਤੇ ਪਰਿਵਾਰ ਦੇ ਇਕੱਲੇ ਕਮਾਉਣ ਵਾਲੇ ਪੁੱਤਰ ਵਜੋਂ ਹੋਈ ਹੈ। ਉਹ ਮੁਹਾਲੀ ਦੀ ਇੱਕ ਅੰਤਰਰਾਸ਼ਟਰੀ ਕੰਪਨੀ ਵਿੱਚ ਨੌਕਰੀ ਕਰਦਾ ਸੀ ਅਤੇ ਹਰ ਹਫ਼ਤੇ ਆਪਣੇ ਪਿੰਡ ਰਾਏਪੁਰ ਰਾਜਪੂਤਾਂ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਵਾਪਸ ਆਉਂਦਾ ਸੀ। ਇਸ ਵਾਰ ਵੀ ਉਹ ਪਿੰਡ ਵੱਲ ਜਾ ਰਿਹਾ ਸੀ, ਜਦੋਂ ਕਾਲ ਨੇ ਉਸਨੂੰ ਇਸ ਦਰਦਨਾਕ ਹਾਦਸੇ ਵਿਚ ਅਣਮੋਲ ਜ਼ਿੰਦਗੀ ਤੋਂ ਵਾਂਝਾ ਕਰ ਦਿੱਤਾ।
ਜਸਕਰਨ ਦੇ ਪਿਤਾ ਦੀ ਮੌਤ ਚਾਰ ਸਾਲ ਪਹਿਲਾਂ ਹੋ ਚੁੱਕੀ ਸੀ ਅਤੇ ਘਰ ਦੀ ਪੂਰੀ ਜ਼ਿੰਮੇਵਾਰੀ ਉਸਦੇ ਮੱਥੇ ਸੀ। ਹੁਣ ਉਸਦੀ ਅਚਾਨਕ ਮੌਤ ਨਾਲ ਪਰਿਵਾਰ - ਮਾਂ ਅਤੇ ਦੋ ਭੈਣਾਂ ’ਤੇ ਗਮਾਂ ਦਾ ਪਹਾੜ ਟੁੱਟ ਪਿਆ ਹੈ।