ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਸਤੰਬਰ: ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਇੰਜ: ਪ੍ਰਭਜੋਤ ਕੌਰ ਵੱਲੋਂ ਮੋਹਾਲੀ ਦੇ ਪਿੰਡ ਠਸਕਾ ਲਈ ਓਪਨ ਜਿੰਮ ਲਈ ਆਪਣੇ ਅਖ਼ਤਿਆਰੀ ਫੰਡ ਵਿੱਚੋਂ 5 ਲੱਖ ਦੀ ਗ੍ਰਾਂਟ ਜਾਰੀ ਕਰਕੇ ਕੰਮ ਸ਼ੁਰੂ ਕਰਨ ਲਈ ਮਨਜੂਰੀ ਪੱਤਰ ਦਿੱਤਾ ਗਿਆ।
ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ "ਜ਼ਿਲ੍ਹਾ ਯੋਜਨਾ ਕਮੇਟੀਆਂ/ਜ਼ਿਲ੍ਹਾ ਵਿਸ਼ੇਸ਼ ਯੋਜਨਾਵਾਂ ਦੇ ਅਨ-ਟਾਇਡ ਫੰਡ" ਅਧੀਨ ਗ੍ਰਾਮ ਪੰਚਾਇਤ ਠਾਕਰਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਵੱਖ-ਵੱਖ ਯੋਜਨਾਵਾਂ ਰਾਹੀਂ ਵਧੀਆ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤਹਿਤ ਗ੍ਰਾਮ ਪੰਚਾਇਤ ਠਾਕਰਾਂ ਨੂੰ ਜਾਰੀ ਕੀਤੀ ਗ੍ਰਾਂਟ ਪਿੰਡ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤੀ ਜਾਵੇਗੀ।
ਚੇਅਰਪਰਸਨ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਦੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਹ ਸਕੀਮਾਂ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ।
ਇਸ ਸਮੇਂ ਬਲਾਕ ਪ੍ਰਧਾਨ ਰਜੇਸ਼ ਰਾਣਾ, ਸਰਪੰਚ ਮਹਿਮਾ ਸਿੰਘ, ਸੁਰਿੰਦਰ ਸਿੰਘ ਮਟੌਰ, ਐਡਵੋਕੇਟ ਅਮਰਜੀਤ ਸਿੰਘ, ਸੁਰਮੁੱਖ ਸਿੰਘ ਅਤੇ ਪਿੰਡ ਦੇ ਮੋਹਤਬਰ ਸੱਜਣ ਮੌਜੂਦ ਸਨ।