ਪੰਜਾਬ ਪੁਲਿਸ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਾਕਿਸਤਾਨੀ ਹੈਂਡਲਰਾਂ ਨਾਲ ਜੁੜੇ ਹਥਿਆਰਾਂ ਦੀ ਤਸਕਰੀ ਦੇ ਇੱਕ ਵੱਡੇ ਮਾਡਿਊਲ ਨੂੰ ਤੋੜਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਅਤੇ ਐਸਐਸਓਸੀ ਫਾਜ਼ਿਲਕਾ ਦੀ ਸਾਂਝੀ ਟੀਮ ਨੇ ਦੋ ਸ਼ਖ਼ਸਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 27 ਮੌਡਰਨ ਪਿਸਤੌਲ (30 ਬੋਰ) ਅਤੇ 470 ਤੋਂ ਵੱਧ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਇਸ ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਪਹਿਚਾਣ ਲਈ ਪੁੱਛਗਿੱਛ ਜਾਰੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸ਼ੁਰੂਆਤੀ ਜਾਂਚ ਦੇ ਖੁਲਾਸੇ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਤੋਂ ਭੇਜੇ ਗਏ ਇਹ ਹਥਿਆਰ ਇੱਕ ਵਿਦੇਸ਼ੀ ਨੈੱਟਵਰਕ ਰਾਹੀਂ ਪੰਜਾਬ ਵਿੱਚ ਅਪਰਾਧਿਕ ਗਿਰੋਹਾਂ ਤੱਕ ਪਹੁੰਚਾਏ ਜਾਣ ਵਾਲੇ ਸਨ। ਗ੍ਰਿਫ਼ਤਾਰ ਕੀਤੇ ਗਏ ਮੰਗਲ ਸਿੰਘ ਉਰਫ਼ ਮੰਗਲੀ ਅਤੇ ਗੁਰਮੀਤ ਸਿੰਘ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਸਥਾਨਕ ਅਪਰਾਧਿਕ ਗਿਰੋਹਾਂ ਤੱਕ ਇਹ ਹਥਿਆਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਹੜ੍ਹ ਦੇ ਦੌਰਾਨ ਵੀ ਸਰਗਰਮ ਤਸਕਰ
ਪੰਜਾਬ ਵਿੱਚ ਜਿੱਥੇ ਇੱਕ ਪਾਸੇ ਹੜ੍ਹ ਨੇ ਲੋਕਾਂ ਲਈ ਮੁਸੀਬਤਾਂ ਪੈਦਾ ਕੀਤੀਆਂ ਹਨ, ਉਥੇ ਦੂਜੇ ਪਾਸੇ ਤਸਕਰਾਂ ਦੀਆਂ ਗਤੀਵਿਧੀਆਂ ਵੀ ਨਹੀਂ ਰੁਕੀਆਂ। ਬੀਐਸਐਫ਼ ਅਤੇ ਪੁਲਿਸ ਹੜ੍ਹ ਰਾਹਤ ਕਾਰਜਾਂ ਦੇ ਨਾਲ-ਨਾਲ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ‘ਤੇ ਵੀ ਕਾਰਵਾਈ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਬਰਾਮਦ ਕੀਤੇ ਗਏ ਹਥਿਆਰ ਕਿਹੜੇ ਗਿਰੋਹਾਂ ਨੂੰ ਮੁਹੱਈਆ ਕਰਵਾਏ ਜਾਣੇ ਸਨ।
ਇਸ ਤੋਂ ਇਲਾਵਾ, ਤਸਕਰਾਂ ਵੱਲੋਂ ਡਰੋਨ ਦੀ ਵਰਤੋਂ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਐਂਟੀ-ਡਰੋਨ ਤਕਨਾਲੋਜੀ ਵੀ ਖਰੀਦੀ ਹੈ।