ਚੰਡੀਗੜ੍ਹ- ਪੰਜਾਬੀ ਸੰਗੀਤ ਇੰਡਸਟਰੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪ੍ਰਸਿੱਧ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ (22 ਸਤੰਬਰ) ਮੋਹਾਲੀ ਵਿੱਚ ਕੀਤਾ ਜਾਵੇਗਾ। ਅੰਤਿਮ ਸੰਸਕਾਰ ਬਲੌਂਗੀ ਸ਼ਮਸ਼ਾਨਘਾਟ ਵਿੱਚ ਦੁਪਹਿਰ 1 ਵਜੇ ਕੀਤਾ ਜਾਵੇਗਾ। ਉਨ੍ਹਾਂ ਨੇ ਐਤਵਾਰ ਨੂੰ ਆਪਣੇ ਘਰ ਵਿੱਚ ਹੀ ਆਖ਼ਰੀ ਸਾਹ ਲਏ। ਉਹ 74 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਮੌਤ ਨੇ ਸੰਗੀਤ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਆਹੂਜਾ ਨੇ ਆਪਣੀਆਂ ਸੰਗੀਤਕ ਰਚਨਾਵਾਂ ਰਾਹੀਂ ਕਈ ਕਲਾਕਾਰਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਦਿਲਜੀਤ ਦੋਸਾਂਝ, ਅਦਾਕਾਰਾ ਨਿਰਮਲ ਰਿਸ਼ੀ, ਗਾਇਕ ਮਾਸਟਰ ਸਲੀਮ, ਸੁਰਜੀਤ ਖਾਨ, ਸਤਵਿੰਦਰ ਬੱਗਾ, ਗੁਰ ਕਿਰਪਾਲ ਸੂਰਾਪੁਰੀ, ਸੂਫੀ ਬਲਬੀਰ, ਜੈਲੀ, ਆਰ. ਦੀਪ ਰਮਨ, ਭੁਪਿੰਦਰ ਬੱਬਲ, ਬਿੱਲ ਸਿੰਘ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਉਨ੍ਹਾਂ ਦੇ ਬੇਵਕਤੀ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਤਿੰਨ ਪੁੱਤਰ ਹਨ। ਵੱਡਾ ਪੁੱਤਰ, ਸਚਿਨ ਆਹੂਜਾ, ਵੀ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਹੈ। ਸਚਿਤ ਆਹੂਜਾ ਦਾ ਆਪਣਾ ਸਟੂਡੀਓ ਹੈ।
ਚਰਨਜੀਤ ਆਹੂਜਾ ਨੂੰ "ਪੰਜਾਬੀ ਸੰਗੀਤ ਦੇ ਸ਼ਿਲਪਕਾਰ" ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਨੂੰ ਪੰਜਾਬੀ ਸੰਗੀਤ ਜਗਤ ਦਾ ਇੱਕ ਥੰਮ੍ਹ ਮੰਨਿਆ ਜਾਂਦਾ ਹੈ। ਉਹਨਾਂ ਦੀਆਂ ਸੁਰਾਂ ਅਜੇ ਵੀ ਲੋਕ ਗੀਤਾਂ, ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਹਨ। ਉਹਨਾਂ ਦੀਆਂ ਸੁਰਾਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਉਦਯੋਗ ਨੂੰ ਇੱਕ ਨਵੀਂ ਪਛਾਣ ਦਿੱਤੀ। ਸੁਰਜੀਤ ਬਿੰਦਰਾਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕਿਰਪਾਲ ਸੂਰਾਪੁਰੀ ਅਤੇ ਸਤਵਿੰਦਰ ਬੁੱਗਾ ਸਮੇਤ ਬਹੁਤ ਸਾਰੇ ਲੋਕ ਗਾਇਕਾਂ ਨੇ ਆਹੂਜਾ ਦੀਆਂ ਸੁਰਾਂ ਰਾਹੀਂ ਪ੍ਰਸਿੱਧੀ ਪ੍ਰਾਪਤ ਕੀਤੀ।ਕੁਝ ਗਾਇਕਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਦੇ ਸੰਗੀਤ ਨਾਲ ਕੀਤੀ, ਅਤੇ ਕੁਝ ਤਾਂ ਸੁਪਰਸਟਾਰ ਵੀ ਬਣ ਗਏ। ਚਰਨਜੀਤ ਆਹੂਜਾ ਆਪਣੇ ਪਿੱਛੇ ਤਿੰਨ ਪੁੱਤਰ ਛੱਡ ਗਏ ਹਨ, ਜੋ ਸਾਰੇ ਸੰਗੀਤ ਉਦਯੋਗ ਨਾਲ ਜੁੜੇ ਹੋਏ ਹਨ।