ਗੁਰਦਾਸਪੁਰ ਦੇ ਪਿੰਡ ਕੋਠਾ ਵਿੱਚ ਘਰੇਲੂ ਹਿੰਸਾ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੂੰਹ ਵੱਲੋਂ ਆਪਣੀ ਬਜ਼ੁਰਗ ਸੱਸ ਨਾਲ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨੂੰਹ ਆਪਣੀ ਸੱਸ ਨੂੰ ਵਾਲਾਂ ਤੋਂ ਫੜ੍ਹ ਕੇ ਝੰਝੋੜਦੀ ਹੈ ਅਤੇ ਸਟੀਲ ਦੇ ਗਿਲਾਸ ਨਾਲ ਉਸ ‘ਤੇ ਵਾਰ ਕਰਦੀ ਹੈ। ਜਦੋਂ ਬਜ਼ੁਰਗ ਔਰਤ ਸਾਹ ਲੈਣ ਲਈ ਉੱਠਦੀ ਹੈ, ਤਾਂ ਉਹ ਉਸਦੇ ਗੱਲ੍ਹ ‘ਤੇ ਥੱਪੜ ਵੀ ਮਾਰਦੀ ਹੈ।
ਵੀਡੀਓ ਬਣਾਉਣ ਵਾਲਾ ਬਜ਼ੁਰਗ ਔਰਤ ਦਾ ਪੋਤਾ ਸੀ, ਜੋ ਪੂਰੀ ਘਟਨਾ ਦੌਰਾਨ ਉੱਥੇ ਮੌਜੂਦ ਸੀ। ਹਾਲਾਂਕਿ ਉਹ ਮੂੰਹ ਨਾਲ ਤਾਂ ਕਹਿੰਦਾ ਸੁਣਿਆ ਗਿਆ ਕਿ "ਨਾ ਮਾਰੋ," ਪਰ ਉਸਨੇ ਆਪਣੀ ਮਾਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ। ਇਸ ਦੌਰਾਨ ਬਜ਼ੁਰਗ ਮਹਿਲਾ ਆਪਣੇ ਪੋਤੇ ਕੋਲ ਮਦਦ ਦੀ ਗੁਹਾਰ ਲਾਉਂਦੀ ਰਹੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰਾ ਮਾਮਲਾ ਲੋਕਾਂ ਦੀ ਨਿਗਾਹ ਵਿੱਚ ਆਇਆ ਅਤੇ ਗੁਰਦਾਸਪੁਰ ਪੁਲਿਸ ਤੱਕ ਵੀ ਪਹੁੰਚ ਗਿਆ। ਸੂਤਰਾਂ ਅਨੁਸਾਰ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਥਾਣੇ ਟਿੱਬਰ ਵਿੱਚ ਆਪਸੀ ਰਾਜ਼ੀਨਾਮਾ ਕਰ ਲਿਆ ਹੈ। ਇਸ ਕਾਰਨ ਬਜ਼ੁਰਗ ਸੱਸ ਨੇ ਵੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਅਤੇ ਕਾਰਵਾਈ ਤੋਂ ਇਨਕਾਰ ਕਰ ਦਿੱਤਾ।
ਫਿਰ ਵੀ, ਗੁਰਦਾਸਪੁਰ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਤੌਰ ‘ਤੇ ਇਸ ਵੀਡੀਓ ਦੀ ਜਾਂਚ ਕਰ ਰਹੇ ਹਨ ਅਤੇ ਇਸਨੂੰ ਮਾਮਲੇ ਵਿੱਚ ਸਬੂਤ ਵਜੋਂ ਸ਼ਾਮਲ ਕੀਤਾ ਜਾਵੇਗਾ। ਪਰਿਵਾਰਕ ਝਗੜੇ ਦੀ ਅਸਲ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ ਕਿਉਂਕਿ ਪਰਿਵਾਰ ਦੇ ਮੈਂਬਰ ਮੀਡੀਆ ਨਾਲ ਗੱਲ ਕਰਨ ਤੋਂ ਬਚ ਰਹੇ ਹਨ।