ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ 'ਤੇ ਸਖ਼ਤ ਕਾਰਵਾਈ ਜਾਰੀ ਰੱਖੀ ਹੈ। ਅੱਜ, ਸੰਗਰੂਰ ਦੀ ਰਾਮ ਨਗਰ ਬਸਤੀ ਵਿੱਚ ਇੱਕ ਨਸ਼ਾ ਤਸਕਰ ਪਰਿਵਾਰ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਇਹ ਕਾਰਵਾਈ ਸੂਬੇ ਭਰ ਵਿੱਚ ਦੇਖਣ ਨੂੰ ਮਿਲ ਰਹੇ 'ਪੀਲਾ ਪੰਜਾ' ਐਕਸ਼ਨ ਦਾ ਹਿੱਸਾ ਹੈ।
ਕਾਰਵਾਈ ਦੌਰਾਨ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਤਰਲੇ-ਮਿੰਨਤਾਂ ਕੀਤੀਆਂ, ਪਰ ਪੁਲਿਸ ਆਪਣੀ ਕਾਰਵਾਈ ਤੋਂ ਪਿੱਛੇ ਨਹੀਂ ਹਟੀ।
ਪਰਿਵਾਰ 'ਤੇ ਛੇ ਪਰਚੇ, ਨਾਜਾਇਜ਼ ਕਮਾਈ ਦਾ ਇਲਜ਼ਾਮ
ਪੁਲਿਸ ਅਨੁਸਾਰ, ਇਹ ਕਾਰਵਾਈ ਕਾਕਾ ਸਿੰਘ ਅਤੇ ਬਲਜੀਤ ਕੌਰ ਦੇ ਪਰਿਵਾਰ ਖ਼ਿਲਾਫ਼ ਕੀਤੀ ਗਈ ਹੈ, ਜਿਨ੍ਹਾਂ 'ਤੇ ਨਸ਼ਾ ਵੇਚਣ ਦੇ ਛੇ ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਪਤੀ-ਪਤਨੀ ਦੋਵੇਂ ਹੀ ਨਸ਼ਾ ਤਸਕਰੀ ਦੇ ਕੰਮ ਵਿੱਚ ਸ਼ਾਮਲ ਸਨ, ਜਿਸਦੀ ਕਮਾਈ ਨਾਲ ਇਹ ਗੈਰ-ਕਾਨੂੰਨੀ ਪ੍ਰਾਪਰਟੀ ਖੜ੍ਹੀ ਕੀਤੀ ਗਈ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਪਰਿਵਾਰ ਦਾ ਇੱਕ ਜੀਅ ਪਹਿਲਾਂ ਹੀ 15 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਦੂਜੇ ਪਾਸੇ, ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਉਹ ਨਸ਼ਿਆਂ ਦੇ ਕੰਮ ਤੋਂ ਤੋਬਾ ਕਰ ਚੁੱਕੇ ਹਨ, ਅਤੇ ਉਨ੍ਹਾਂ 'ਤੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ। ਪਰ ਪ੍ਰਸ਼ਾਸਨ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਦੱਸਿਆ ਕਿ ਦੋਸ਼ ਸਾਬਤ ਹੋਣ ਤੋਂ ਬਾਅਦ ਹੀ ਇਹ ਐਕਸ਼ਨ ਲਿਆ ਗਿਆ ਹੈ ਤਾਂ ਜੋ ਸਮਾਜ ਵਿੱਚ ਇੱਕ ਸਖ਼ਤ ਸੰਦੇਸ਼ ਦਿੱਤਾ ਜਾ ਸਕੇ।
ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਨਸ਼ਾ ਤਸਕਰਾਂ ਦੀ ਕਮਰ ਤੋੜਨ ਲਈ ਜ਼ਰੂਰੀ ਹੈ ਤਾਂ ਜੋ ਉਹ ਅੱਗੇ ਤੋਂ ਅਜਿਹਾ ਕੋਈ ਵੀ ਕਾਰੋਬਾਰ ਨਾ ਕਰ ਸਕਣ।