ਜੈਤੋ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਜੈਤੋ-ਬਠਿੰਡਾ ਮਾਰਗ ’ਤੇ ਪੈਂਦੇ ਪਿੰਡ ਚੰਦਭਾਨ ਨੇੜੇ ਅੱਜ ਦੁਪਹਿਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋ ਮਹਿਲਾਵਾਂ ਅਤੇ ਇੱਕ 11 ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ। ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ, ਦਿਨ ਦੇ ਕਰੀਬ ਦੋ ਵਜੇ ਇਹ ਪਰਿਵਾਰ ਕਾਰ ਰਾਹੀਂ ਪਿੰਡ ਚੰਦਭਾਨ ਤੋਂ ਜੈਤੋ ਦੇ ਬਰਾੜ ਪੈਲੇਸ ਵਿਖੇ ਹੋ ਰਹੇ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਆ ਰਿਹਾ ਸੀ। ਜਦੋਂ ਉਹ ਪਿੰਡ ਤੋਂ ਤਕਰੀਬਨ ਇੱਕ ਕਿਲੋਮੀਟਰ ਹੀ ਅੱਗੇ ਵਧੇ, ਤਦੋਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਦਰੱਖਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਅੱਗੇਲੇ ਹਿੱਸੇ ਦੇ ਚੂਰ-ਚੂਰ ਹੋ ਜਾਣ ਕਾਰਨ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਹਿਚਾਣ ਸਿਮਰਜੀਤ ਕੌਰ (60) ਪਤਨੀ ਧੀਰਾ ਸਿੰਘ, ਰਾਜਵਿੰਦਰ ਸਿੰਘ (11) ਪੁੱਤਰ ਸ਼ਿੰਦਾ ਸਿੰਘ, ਦੋਵੇਂ ਵਾਸੀ ਪਿੰਡ ਚੰਦਭਾਨ, ਵਜੋਂ ਹੋਈ ਹੈ। ਜ਼ਖ਼ਮੀ ਹੋਈ ਮਹਿਲਾ ਦੀ ਪਛਾਣ ਸੰਦੀਪ ਕੌਰ, ਬੇਟੀ ਸ਼ਿੰਦਾ ਸਿੰਘ ਵਾਸੀ ਚੰਦਭਾਨ ਵਜੋਂ ਹੋਈ ਹੈ। ਇਹ ਸਾਰੇ ਦਲਿਤ ਪਰਿਵਾਰ ਨਾਲ ਸਬੰਧਤ ਹਨ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜੈਤੋ ਦੇ ਸਮਾਜ ਸੇਵੀ ਸੰਗਠਨਾਂ ਦੀਆਂ ਐਂਬੂਲੈਂਸਾਂ ਮੌਕੇ ’ਤੇ ਪੁੱਜੀਆਂ ਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜੈਤੋ ਲਿਆਂਦਾ ਗਿਆ। ਪਰ ਡਾਕਟਰ ਮੌਜੂਦ ਨਾ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਕੋਟਕਪੂਰਾ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਜਾਂਚ ਜਾਰੀ ਹੈ।

