ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਭੂਦਨ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਧਵਾ ਔਰਤ, ਉਸ ਦੀ ਬਜ਼ੁਰਗ ਮਾਂ ਅਤੇ 9 ਸਾਲ ਦੇ ਮਾਸੂਮ ਪੁੱਤਰ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਖ਼ੁਦਕੁਸ਼ੀ ਕਰਨ ਵਾਲਿਆਂ ਦੀ ਪਛਾਣ ਇੰਦਰਪਾਲ ਕੌਰ (31), ਉਸ ਦੇ ਪੁੱਤਰ ਜੋਰਡਨ ਸਿੰਘ (9) ਅਤੇ ਮਾਂ ਹਰਦੀਪ ਕੌਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇੰਦਰਪਾਲ ਕੌਰ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੀ ਮਾਂ ਹਰਦੀਪ ਕੌਰ ਦੇ ਘਰ (ਪੇਕੇ) ਰਹਿ ਰਹੀ ਸੀ।
ਮਰਨ ਤੋਂ ਪਹਿਲਾਂ ਵੀਡੀਓ ਰਿਕਾਰਡ, 10 ਲੋਕਾਂ 'ਤੇ ਦੋਸ਼
ਸੰਦੌੜ ਥਾਣੇ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇੰਦਰਪਾਲ ਕੌਰ ਨੇ ਇੱਕ ਵੀਡੀਓ ਰਿਕਾਰਡ ਕੀਤੀ ਸੀ। ਇਸ ਵੀਡੀਓ ਵਿੱਚ ਉਸ ਨੇ ਗੁਆਂਢੀ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਸਮੇਤ 10 ਲੋਕਾਂ ਨੂੰ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਵੀਡੀਓ ਵਿੱਚ ਲੱਖਾਂ ਦੇ ਲੈਣ-ਦੇਣ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪੁਲਿਸ ਨੇ ਇਸ ਵੀਡੀਓ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ, ਸਾਰੇ 10 ਲੋਕਾਂ ਖ਼ਿਲਾਫ਼ ਬੀ.ਐਨ.ਐਸ. ਦੀ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣਾ) ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁੱਤਰ ਦੀ ਸਵੇਰੇ ਖੁੱਲ੍ਹੀ ਅੱਖ, ਹਸਪਤਾਲ ਲਿਜਾਂਦੇ ਸਮੇਂ ਮੌਤ
ਦੱਸਿਆ ਜਾਂਦਾ ਹੈ ਕਿ ਇੰਦਰਪਾਲ ਕੌਰ ਅਤੇ ਉਸ ਦੀ ਮਾਂ ਹਰਦੀਪ ਕੌਰ ਦੀ ਮੌਤ ਰਾਤ ਨੂੰ ਹੀ ਹੋ ਗਈ ਸੀ। ਸਵੇਰੇ ਜਦੋਂ 9 ਸਾਲਾ ਪੁੱਤਰ ਜੋਰਡਨ ਸਿੰਘ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਆਪਣੀ ਮਾਂ ਅਤੇ ਨਾਨੀ ਨੂੰ ਮ੍ਰਿਤਕ ਦੇਖਿਆ। ਉਸ ਨੇ ਤੁਰੰਤ ਆਪਣੀ ਦਾਦੀ (ਪਤੀ ਦੀ ਮਾਂ) ਨੂੰ ਇਸ ਬਾਰੇ ਸੂਚਿਤ ਕੀਤਾ। ਪਿੰਡ ਵਿੱਚ ਇਸ ਖ਼ਬਰ ਨਾਲ ਹੜਕੰਪ ਮੱਚ ਗਿਆ।
ਜੋਰਡਨ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

