ਖੰਨਾ ਦੇ ਪਿੰਡ ਬੂਥਗੜ੍ਹ ਵਿੱਚ ਸਥਿਤ ਸ਼੍ਰੀ ਸਿੱਧੀਵਿਨਾਇਕ ਅਲਾਇੰਸ ਭੱਠੀ ਯੂਨਿਟ ਵਿੱਚ ਉਸ ਸਮੇਂ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਕੰਮ ਦੌਰਾਨ ਭੱਠੀ ਵਿੱਚ ਅਚਾਨਕ ਉਬਾਲ ਆ ਗਿਆ। ਇਸ ਹਾਦਸੇ ਕਾਰਨ ਉੱਥੇ ਕੰਮ ਕਰ ਰਹੇ ਚਾਰ ਮਜ਼ਦੂਰ ਪਿਘਲੇ ਹੋਏ ਲੋਹੇ ਦੀ ਚਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਏ। ਘਟਨਾ ਤੋਂ ਬਾਅਦ ਫੈਕਟਰੀ ਵਿੱਚ ਕੰਮ ਕਰ ਰਹੇ ਹੋਰ ਮਜ਼ਦੂਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀ ਮਜ਼ਦੂਰਾਂ ਨੂੰ ਫੈਕਟਰੀ ਤੋਂ ਬਾਹਰ ਕੱਢ ਕੇ ਮੰਡੀ ਗੋਬਿੰਦਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਚਾਰੋਂ ਮਜ਼ਦੂਰਾਂ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ, ਪਰ ਉਨ੍ਹਾਂ ਨੂੰ ਗੰਭੀਰ ਸੜਨ ਦੀਆਂ ਚੋਟਾਂ ਆਈਆਂ ਹਨ ਅਤੇ ਇਲਾਜ ਜਾਰੀ ਹੈ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਸਦਰ ਥਾਣਾ ਖੰਨਾ ਦੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਫੈਕਟਰੀ ਦੀ ਇੱਕ ਸ਼ਿਫਟ ਵਿੱਚ ਲਗਭਗ ਅੱਠ ਮਜ਼ਦੂਰ ਕੰਮ ਕਰਦੇ ਹਨ ਅਤੇ ਘਟਨਾ ਵੇਲੇ ਸਾਰੇ ਮਜ਼ਦੂਰ ਭੱਠੀ ਕੋਲ ਮੌਜੂਦ ਸਨ।
ਪੁਲਿਸ ਅਨੁਸਾਰ ਕੰਮ ਦੌਰਾਨ ਪਾਈਪ ਰਾਹੀਂ ਗਰਮ ਲੋਹੇ ਦੀ ਸਪਲਾਈ ਅਚਾਨਕ ਜ਼ਿਆਦਾ ਹੋ ਗਈ, ਜਿਸ ਕਾਰਨ ਭੱਠੀ ਬੇਹੱਦ ਗਰਮ ਹੋ ਗਈ ਅਤੇ ਪਿਘਲਾ ਲੋਹਾ ਬਾਹਰ ਆ ਕੇ ਮਜ਼ਦੂਰਾਂ ’ਤੇ ਡਿੱਗ ਪਿਆ। ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫੈਕਟਰੀ ਵਿੱਚ ਸੁਰੱਖਿਆ ਮਿਆਰਾਂ ਦੀ ਪਾਲਣਾ ਕੀਤੀ ਜਾ ਰਹੀ ਸੀ ਜਾਂ ਕਿਸੇ ਕਿਸਮ ਦੀ ਲਾਪਰਵਾਹੀ ਇਸ ਹਾਦਸੇ ਦਾ ਕਾਰਨ ਬਣੀ।

