ਸ਼੍ਰੋਮਣੀ ਅਕਾਲੀ ਦਲ ਫਤਿਹਗੜ੍ਹ ਸਾਹਿਬ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਅਤ ’ਤੇ ਗੰਭੀਰ ਸਵਾਲ ਖੜੇ ਕਰਦੇ ਹੋਏ ਵੱਡਾ ਖਦਸ਼ਾ ਜਤਾਇਆ ਹੈ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਵਧ ਰਹੀ ਸਿਆਸੀ ਚੜ੍ਹਤ ਤੋਂ ਘਬਰਾਈ AAP ਸਰਕਾਰ ਬੇਅਦਬੀ ਮਾਮਲਿਆਂ ਲਈ ਬਣਾਈ ਗਈ ਸਿੱਟ (SIT) ਨੂੰ ਹਥਿਆਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸਾਂ ਵਿੱਚ ਫਸਾ ਸਕਦੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਢਾਹ ਲਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਸਿਆਸੀ ਲਾਭ ਲਈ ਵਰਤ ਰਹੇ ਹਨ, ਜਦਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਪਾਵਨ ਸਰੂਪਾਂ ਦੀ ਚੋਰੀ ਹੋਈ ਜਾਂ ਉਨ੍ਹਾਂ ਦੀ ਬੇਅਦਬੀ ਕੀਤੀ ਗਈ।
ਆਗੂਆਂ ਮੁਤਾਬਕ, ਰਿਪੋਰਟ ਵਿੱਚ ਸਾਫ਼ ਦਰਜ ਹੈ ਕਿ ਸਬੰਧਿਤ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਹ ਪਾਵਨ ਸਰੂਪ ਬਾਹਰ ਸੰਗਤਾਂ ਨੂੰ ਦਿੱਤੇ ਗਏ, ਪਰ ਉਨ੍ਹਾਂ ਦੀ ਬਣਦੀ ਭੇਟਾ ਟਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਨਾ ਹੀ ਪਾਵਨ ਸਰੂਪਾਂ ਦਾ ਕੋਈ ਬਿਲ ਕੱਟਿਆ ਗਿਆ।
ਅਕਾਲੀ ਦਲ ਨੇ ਇਹ ਵੀ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਪੇਸ਼ੀ ਦੌਰਾਨ ਟੀਵੀ ’ਤੇ ਲਾਈਵ ਪ੍ਰਸਾਰਣ ਦੀ ਸ਼ਰਤ ਰੱਖਣਾ, ਤਖਤ ਸਾਹਿਬ ਦੀ ਸਰਬੋਚਤਾ ਅਤੇ ਮਰਿਆਦਾ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਸਿੱਖ ਸੰਸਥਾਵਾਂ ਦੀ ਇਜ਼ਤ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਇਹ ਕਦੇ ਵੀ ਕਬੂਲਯੋਗ ਨਹੀਂ ਹੋ ਸਕਦੇ।

