ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਮੋਖੇ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਅੰਦਰ ਵਾਪਰੀ ਇਕ ਗੰਭੀਰ ਘਟਨਾ ਨੇ ਸੰਗਤਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਹੀ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਦੌਰਾਨ ਕੁੱਟਮਾਰ ਹੋਈ ਅਤੇ ਪੱਗਾਂ ਲੱਥਣ ਦੀ ਘਟਨਾ ਸਾਹਮਣੇ ਆਈ। ਇਸ ਸਾਰੇ ਵਾਕਏ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੁਰੂ ਘਰ ਦੇ ਅੰਦਰ ਤਣਾਅਪੂਰਨ ਮਾਹੌਲ ਅਤੇ ਗਾਲੀ-ਗਲੋਚ ਦੇ ਦ੍ਰਿਸ਼ ਦਿਖਾਈ ਦੇ ਰਹੇ ਹਨ।
ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਗੁਰਨਾਮ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਨਾਲ ਦਰਬਾਰ ਸਾਹਿਬ ਦੇ ਅੰਦਰ ਹੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖਲ ਕਰਵਾਇਆ, ਜਿੱਥੇ ਉਹ ਜੇਰੇ ਇਲਾਜ ਹਨ। ਡਾਕਟਰਾਂ ਅਨੁਸਾਰ ਉਸਦੀ ਹਾਲਤ ਫਿਲਹਾਲ ਸਥਿਰ ਹੈ, ਹਾਲਾਂਕਿ ਹੋਰ ਜਾਂਚਾਂ ਲਈ ਸਿਟੀ ਸਕੈਨ ਕਰਵਾਇਆ ਜਾ ਰਿਹਾ ਹੈ।
ਦੂਜੇ ਪਾਸੇ, ਦੂਜੀ ਧਿਰ ਦੇ ਮੈਂਬਰ ਮੇਹਰ ਸਿੰਘ ਪੁੱਤਰ ਲਛਮਣ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਗ੍ਰੰਥੀ ਸਿੰਘ ਵੱਲੋਂ ਸੇਵਾ ਵਿੱਚ ਅਣਗਹਿਲੀ ਕੀਤੀ ਜਾਂਦੀ ਸੀ। ਉਸਦਾ ਕਹਿਣਾ ਹੈ ਕਿ ਮਾਮਲੇ ਨੂੰ ਸੁਲਝਾਉਣ ਲਈ ਗੁਰਦੁਆਰਾ ਸਾਹਿਬ ਵਿੱਚ ਇਕੱਤਰਤਾ ਬੁਲਾਈ ਗਈ ਸੀ, ਪਰ ਗੱਲਬਾਤ ਦੌਰਾਨ ਹੀ ਝਗੜਾ ਵਧ ਗਿਆ ਅਤੇ ਦੋਹਾਂ ਪਾਸਿਆਂ ਤੋਂ ਆਰੋਪ-ਪ੍ਰਤਿਆਰੋਪ ਲੱਗੇ।
ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਭਾਰੀ ਰੋਸ ਹੈ। ਸੰਗਤਾਂ ਨੇ ਇਸਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਦੱਸਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨਾਲ ਹੀ ਪੀੜਿਤ ਗ੍ਰੰਥੀ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਇਨਸਾਫ ਦੀ ਗੁਹਾਰ ਵੀ ਲਗਾਈ ਗਈ ਹੈ।
ਉਧਰ, ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਰੇ ਪੱਖਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਉਪਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

